ਸੰਗਰੂਰ (ਦਲਜੀਤ ਸਿੰਘ ਬੇਦੀ)- ਮਹਿੰਗਾਈ ਨੂੰ ਲੈ ਕੇ ਕਾਂਗਰਸ ਵੱਲੋਂ ਸਮੁੱਚੇ ਦੇਸ਼ ਵਿਚ ਕੇਂਦਰ ਸਰਕਾਰ ਵਿਰੁੱਧ ਵੱਡੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸੇ ਤਰ੍ਹਾਂ ਸੰਗਰੂਰ ਵਿਖੇ ਵੀ ਕਾਂਗਰਸ ਵੱਲੋਂ ਇਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿਚੋਂ ਕਾਂਗਰਸੀਆਂ ਨੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਵਿਖਾਵਾ ਕੀਤਾ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਜਦੋਂ ਤੋਂ ਦੇਸ਼ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ। ਕਿਸੇ ਨੂੰ ਕੋਈ ਰੋਜ਼ਗਾਰ ਨਹੀਂ ਮਿਲ ਰਿਹਾ, ਆਮ ਵਰਤੋਂ ਦੀਆਂ ਚੀਜ਼ਾਂ ਵਿਚ ਹੋ ਰਹੀ ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਵਿਕਾਸ ਦਾ ਬੇੜਾ ਡੋਬ ਕੇ ਰੱਖ ਦਿੱਤਾ ਹੈ।
ਸਿੰਗਲਾ ਨੇ ਕਿਹਾ ਕਿ ਯੂ. ਪੀ. ਏ. ਸਰਕਾਰ ਸਮੇਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਨ ਤਾਂ ਉਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਵਿਗੜਣ ਨਹੀਂ ਦਿੱਤਾ ਜਦਕਿ ਪੂਰੇ ਵਿਸ਼ਵ ਵਿਚ ਆਰਥਿਕ ਮੰਦੀ ਆਈ ਹੋਈ ਸੀ ਪਰ ਦੂਜੇ ਪਾਸੇ ਭਾਜਪਾ ਸਰਕਾਰ ਨੇ ਪਿਛਲੇ ਦਸ ਸਾਲਾਂ ਵਿਚ ਦੇਸ਼ ਨੂੰ ਅਜਿਹੀ ਸਥਿਤੀ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਜਿੱਥੋਂ ਨਿੱਕਲਣਾ ਬੇਹੱਦ ਔਖਾ ਹੈ। ਅੱਜ ਦਾਲਾਂ, ਸਬਜ਼ੀਆਂ, ਤੇਲ ਤੇ ਹਰ ਆਮ ਵਰਤੋਂ ਵਾਲੀ ਚੀਜ਼ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ, ਪ੍ਰਧਾਨ ਮੰਤਰੀ ਸਿਰਫ਼ ਵਪਾਰੀਆਂ ਬਾਰੇ ਸੋਚ ਰਹੇ ਹਨ, ਆਮ ਲੋਕ ਅਜਿਹੇ ਹਾਲਾਤ ਵਿਚ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਹੇ ਹਨ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।