ਜਦੋਂ ਯੰਗ ਬਿ੍ਰਗੇਡ ਦੇ ਮੈਂਬਰ ਕੈਪਟਨ ਜੀ ਐਸ ਸਿੱਧੂ ਦੇ ਘਰ ਪਹੁੰਚਕੇ ਉਨ੍ਹਾਂ ਦੇ ਰੂਬਰੂ ਹੋਏ ਤਾਂ ਉਨ੍ਹਾਂ ਨੂੰ ਆਪਣੀ ਜਵਾਨੀ ਦੇ ਦਿਨ ਯਾਦ ਆ ਗਏ ਕਿਉਂਕਿ ਕੈਪਟਨ ਸਿੱਧੂ ਬੜੇ ਖ਼ੁਸ਼ਮਿਜ਼ਾਜ਼ ਅਤੇ ਜਵਾਨ ਲੱਗ ਰਹੇ ਸਨ। ਇਉਂ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ‘ਤੇ ਦੁਬਾਰਾ ਜਵਾਨੀ ਆ ਗਈ ਹੈ। ਇਹ ਮਹਿਸੂਸ ਹੋਣ ਲੱਗ ਗਿਆ ਕਿ ਅਸੀਂ ਵੀ ਅਜੇ ਕੈਪਟਨ ਸਿੱਧੂ ਦੀ ਤਰ੍ਹਾਂ ਜਵਾਨ ਹਾਂ। ਉਨ੍ਹਾਂ ਨਾਲ ਬੈਠਕੇ ਜ਼ਿੰਦਗੀ ਰੰਗੀਨ ਬਣ ਗਈ ਲਗਦੀ ਸੀ। ਦੁੱਖ ਤਕਲੀਫ ਅਤੇ ਬੁਢਾਪੇ ਦਾ ਅਹਿਸਾਸ ਛੂ ਮੰਤਰ ਹੋ ਗਿਆ। ਇਉਂ ਲੱਗਦਾ ਹੈ ਕਿ ਜਿਵੇਂ ਕੈਪਟਨ ਸਿੱਧੂ ਦੁਬਾਰਾ ਸਰਹੱਦਾਂ ਦੀ ਰਾਖੀ ਕਰਨ ਲਈ ਤਿਆਰ ਬਰ ਤਿਆਰ ਮੋਰਚੇ ‘ਤੇ ਜਾਣ ਲਈ ਕਮਰਕੱਸੇ ਕਰੀ ਬੈਠੇ ਹਨ। ਉਨ੍ਹਾਂ ਦੇ ਹੱਥ ਵਿੱਚ ਸੋਟੀ ਬੰਦੂਕ ਲੱਗ ਰਹੀ ਸੀ। ਉਨ੍ਹਾਂ ਨੂੰ ਮਿਲਕੇ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਕੈਪਟਨ ਜੀ ਐਸ ਸਿੱਧੂ ਦੇ ਸਰੀਰ ਦੀ ਬਣਤਰ ਅਤੇ ਰੋਹਬ ਦਾਬ ਵੇਖਕੇ ਕਈ ਲੋਕ ਉਨ੍ਹਾਂ ਦੇ ਛੋਟੇ ਭਰਾ ਜੋ ਆਪ ਵੀ ਖਿਡਾਰੀ ਹਨ ਨੂੰ ਕੈਪਟਨ ਸਿੱਧੂ ਦਾ ਵੱਡਾ ਭਰਾ ਕਹਿੰਦੇ ਹਨ। ਉਹ ਕਹਿ ਰਹੇ ਸਨ ਕਿ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤ ਹੋਣ ਦਾ ਭਾਵ ਜ਼ਿੰਦਗੀ ਤੋਂ ਸੇਵਾ ਮੁਕਤ ਹੋਣਾ ਨਹੀਂ। ਸਗੋਂ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਤਾਂ ਜ਼ਿੰਦਗੀ ਦਾ ਬਿਹਤਰੀਨ ਸਮਾਂ ਸ਼ੁਰੂ ਹੁੰਦਾ ਹੈ। ਇਕ ਕਿਸਮ ਨਾਲ ਇਹ ਪੁਨਰ ਜਨਮ ਹੀ ਹੁੰਦਾ ਹੈ। ਜਦੋਂ ਹਰ ਲਮਹੇ ਦੀ ਵਰਤੋਂ ਆਪਣੀਆਂ ਭਾਵਨਾਵਾਂ ਨਾਲ ਕੀਤੀ ਜਾਂਦੀ ਹੈ। ਸਰਕਾਰੀ ਗ਼ੁਲਾਮੀ ਦਾ ਦੌਰ ਸਮਾਪਤ ਹੋ ਜਾਂਦਾ ਹੈ ਕਿਉਂਕਿ ਨੌਕਰੀ ਗ਼ੁਲਾਮੀ ਦਾ ਦੂਜਾ ਨਾਮ ਹੀ ਹੁੰਦੀ ਹੈ। ਦਫ਼ਤਰਾਂ ਵਿੱਚ ਕੰਮ ਦੀ ਕਦਰ ਦੀ ਥਾਂ ਚਾਪਲੂਸੀ ਨੇ ਮੱਲ ਲਈ ਹੈ। ਇਸ ਲਈ ਸੇਵਾ ਮੁਕਤੀ ਜ਼ਿੰਦਗੀ ਨੂੰ ਆਪਣੀ ਇੱਛਾ ਅਨੁਸਾਰ ਜਿਓਣ ਦਾ ਦੂਜਾ ਨਾਮ ਹੈ। ਲੋਕ ਸੰਪਰਕ ਵਿਭਾਗ ਦੀ ਨੌਕਰੀ ਜੋਖ਼ਮ ਭਰੀ ਹੁੰਦੀ ਹੈ। ਇਸ ਵਿੱਚ ਕਈ ਵਾਰੀ ਨਿਯਮਾ ਨੂੰ ਵੀ ਅੱਖੋਂ ਪ੍ਰੋਖੇ ਕਰਨ ਲਈ ਸਿਆਸਤਦਾਨਾ ਅਤੇ ਉਚ ਅਧਿਕਾਰੀਆਂ ਵੱਲੋਂ ਮਜ਼ਬੂਰ ਕੀਤਾ ਜਾਂਦਾ ਹੈ। ਇਸ ਲਈ ਵਿਭਾਗ ਦੇ ਮੁਲਾਜ਼ਮ ਹਮੇਸ਼ਾ ਕੰਮ ਦੇ ਮਾਨਸਿਕ ਭਾਰ ਹੇਠ ਦੱਬੇ ਰਹਿੰਦੇ ਹਨ। ਕਈ ਵਾਰ ਆਪਣੇ ਪਰਿਵਾਰਾਂ ਨੂੰ ਵੀ ਸਮਾਂ ਨਹੀਂ ਦੇ ਸਕਦੇ। ਕਹਿਣ ਤੋਂ ਭਾਵ ਰੁੱਝੇ ਰਹਿੰਦੇ ਹਨ। ਕੰਨ ਖੁਰਕਣ ਦਾ ਵੀ ਸਮਾ ਨਹੀਂ ਹੁੰਦਾ। ਇਸ ਕਰਕੇ ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਵਿਹਲੇ ਰਹਿਣ ਦੀ ਆਦਤ ਨਹੀਂ ਹੁੰਦੀ। ਲੋਕ ਸੰਪਰਕ ਵਿਭਾਗ ਦੇ ਨੌਕਰੀ ਤੋਂ ਸੇਵਾ ਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਰੁਝੇਵਿਆਂ ਵਿੱਚ ਲਾਈ ਰੱਖਣ ਵਾਸਤੇ ਚੰਡੀਗੜ੍ਹ ਵਿਖੇ ‘ਐਲਡਰਜ਼ ਸੋਸਇਟੀ ’ ਨਾਂ ਦੀ ਸੰਸਥਾ ਬਣਾਈ ਹੋਈ ਹੈ। ਇਹ ਸੰਸਥਾ ਮਹੀਨੇ ਵਿੱਚ ਇਕ ਦਿਨ ਆਪਣੀ ਮੀਟਿੰਗ ਕਰਦੀ ਹੈ, ਸੇਵਾ ਮੁਕਤੀ ਦੀ ਜ਼ਿੰਦਗੀ, ਰੁਝੇਵਿਆਂ, ਸ਼ੁਗਲ ਅਤੇ ਸਮੇਂ ਦਾ ਸਦਉਪਯੋਗ ਕਿਵੇਂ ਕੀਤਾ ਜਾਵੇ ਬਾਰੇ ਪਰੀਚਰਚਾ ਹੁੰਦੀ ਹੈ। ਸਿਹਤਮੰਦ ਰਹਿਣ ਲਈ ਕਿਹੜੇ ਢੰਗ ਵਰਤੇ ਜਾਣ ਆਦਿ। ਕੈਪਟਨ ਗੁਰਜੀਵਨ ਸਿੰਘ ਸਿੱਧੂ ਲੰਬਾ ਸਮਾ ਸੰਸਥਾ ਦੇ ਪ੍ਰਧਾਨ ਰਹੇ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕਈ ਵਾਰੀ ਅਸੀਂ ਸਿਰਫ 3-4 ਮੈਂਬਰ ਹੀ ਮੀਟਿੰਗ ਵਿੱਚ ਹਾਜ਼ਰ ਹੁੰਦੇ ਸੀ, ਮੈਂ ਪਟਿਆਲਾ ਤੋਂ ਬਸ ਚੜ੍ਹਕੇ ਪਹੁੰਚਦਾ ਸੀ। ਪ੍ਰੰਤੂ ਕੈਪਟਨ ਜੀ ਐੋਸ ਸਿੱਧੂ ਨੇ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ ਰੱਖਿਆ। ਕੈਪਟਨ ਸਿੱਧੂ ਬੜੇ ਹਿੰਮਤੀ, ਦਲੇਰ ਅਤੇ ਦਬੰਗ ਵਿਅਕਤੀ ਹਨ। ਉਹ 1990 ਵਿੱਚ ਬਤੌਰ ਜਾਇੰਟ ਡਾਇਰੈਕਟਰ ਸੇਵਾ ਮੁਕਤ ਹੋਏ ਹਨ। 90 ਸਾਲ ਦੀ ਉਮਰ ਤੱਕ ਉਹ ਸਰਗਰਮ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਉਹ ਲਗਾਤਾਰ ਸੀਨੀਅਰ ਸਿਟੀਜਨ ਦੀਆਂ ਕੌਮੀ, ਏਸ਼ੀਆਈ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈਂਦੇ ਰਹੇ ਹਨ। ਅਥਲੈਟਿਕਸ ਉਨ੍ਹਾਂ ਦਾ ਮਨ ਪਸੰਦ ਖੇਤਰ ਹੈ। ਹੈਮਰ, ਜੈਬਲੀਅਨ ਅਤੇ ਡਿਸਕਸ ਥਰੋ ਵਿੱਚ ਉਨ੍ਹਾਂ ਰਾਸ਼ਟਰੀ, ਏਸ਼ੀਆਈ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚੋਂ ਅਨੇਕਾਂ ਵਾਰੀ ਗੋਲਡ ਮੈਡਲ ਜਿੱਤੇ ਹਨ। ਪਿਛੇ ਜਹੇ ਉਨ੍ਹਾਂ ਨੂੰ ਮਾਮੂਲੀ ਜਿਹਾ ਬਰੇਨ ਸਟਰੋਕ ਹੋਇਆ ਤਾਂ ਉਨ੍ਹਾਂ ਦੀ ਮਿਜ਼ਾਜ਼ਪੁਰਸ਼ੀ ਲਈ ਐਲਡਰਜ਼ ਸੋਸਾਇਟੀ ਦੇ ਮੈਂਬਰਾਂ ਨੇ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ। ਅਜੀਤ ਕੰਵਲ ਹਮਦਰਦ ਨੇ ਇਸ ਸੋਸਾਇਟੀ ਦੇ ਮੈਂਬਰਾਂ ਨੂੰ ‘ਯੰਗ ਬਿ੍ਰਗੇਡ’ ਦਾ ਨਾਮ ਦੇ ਦਿੱਤਾ ਕਿਉਂਕਿ ਆਪਣੇ ਆਪ ਨੂੰ ਬਜ਼ੁਰਗ ਸਮਝਕੇ ਹੌਸਲਾ ਪਸਤ ਨਹੀਂ ਕਰਨਾ ਸਗੋਂ ਚੜ੍ਹਦੀ ਕਲਾ ਵਿੱਚ ਰਹਿਣ ਲਈ ਜਵਾਨ ਸਮਝਣਾ ਚਾਹੀਦਾ। ਯੰਗ ਬਰਿਗੇਡ ਦੇ ਮੈਂਬਰ ਬੁੱਕੇ ਅਤੇ ਸ਼ਾਲ ਲੈ ਕੇ ਕੈਪਟਨ ਸਿੱਧੂ ਦੇ ਗ੍ਰਹਿ ਵਿਖੇ ਪਹੁੰਚੇ। ਕੈਪਟਨ ਸਿੱਧੂ ਦੀ ਪਤਨੀ ਸ਼੍ਰੀਮਤੀ ਰਾਮਿੰਦਰ ਕੌਰ ਸਿੱਧੂ, ਬੇਟੇ ਗੁਰਪ੍ਰੀਤ ਸਿੰਘ ਸਿੱਧੂ, ਰਾਜਪ੍ਰੀਤ ਸਿੰਘ ਸਿੱਧੂ, ਨੂੰਹਾਂ, ਪੋਤਰੇ ਅਤੇ ਪੋਤਰੀਆਂ ਨੇ ਯੰਗ ਬਿ੍ਰਗੇਡ ਨੂੰ ਬਾਖਲੂਸ ਜੀਅ ਆਇਆਂ ਕਿਹਾ। ਵਿਆਹ ਵਰਗਾ ਮਾਹੌਲ ਬਣ ਗਿਆ। ਕੈਪਟਨ ਜੀ ਐਸ ਸਿੱਧੂ ਦੀ ਧਰਮ ਪਤਨੀ, ਸਪੁੱਤਰ, ਨੂੰਹਾਂ ਅਤੇ ਪੋਤਰੇ ਪੋਤਰੀਆਂ ਨੂੰ ਯੋਗ ਬਿ੍ਰਗੇਡ ਦੇ ਆਉਣ ਦਾ ਚਾਆ ਚੜ੍ਹਿਆ ਪਿਆ ਸੀ। ਉਹ ਮੈਂਬਰਾਂ ਦੀ ਮਹਿਮਾਨ ਨਿਵਾਜ਼ੀ ਵਿੱਚ ਮਸ਼ਰੂਫ ਸਨ। ਸਿੱਧੂ ਜੋੜੀ ਸਜੀ ਧਜੀ ਬੈਠੀ ਨਵੇਂ ਵਿਆਹੇ ਜੋੜੇ ਦੀ ਤਰ੍ਹਾਂ ਮੁਸਕਰਾ ਰਹੀ ਸੀ, ਇਉਂ ਲੱਗ ਰਿਹਾ ਸੀ ਕਿ ਉਹ ਵਿਆਹ ਦੀ ਸਾਲ ਗਿ੍ਰਹਾ ਮਨਾ ਰਹੇ ਹੋਣ। ਜਦੋਂ ਉਨ੍ਹਾਂ ਦੇ ਡਰਾਇੰਗ ਰੂਮ ਵਿੱਚ ਬੈਠ ਕੇ ਵੇਖਿਆ ਤਾਂ ਭੁਲੇਖਾ ਪੈ ਰਿਹਾ ਸੀ ਕਿ ਜਿਵੇਂ ਕਿਸੇ ਸਪੋਰਟਸ ਅਜਾਇਬ ਘਰ ਵਿੱਚ ਬੈਠੇ ਹੋਈਏ ਕਿਉਂਕਿ ਲਗਪਗ 100 ਸੋਨੇ, ਕਾਸੀ ਅਤੇ ਚਾਂਦੀ ਦੇ ਤਮਗੇ ਡਰਾਇੰਗ ਰੂਮ ਦੀ ਸ਼ੋਭਾ ਵਧਾ ਰਹੇ ਸਨ। ਇਕ ਕੰਧ ‘ਤੇ ਅੰਤਰਰਾਸ਼ਟਰੀ ਵਿਅਕਤੀ, ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਅਤੇ ਹੋਰ ਫ਼ੌਜ ਦੇ ਅਧਿਕਾਰੀਆਂ ਦੀਆਂ ਕੈਪਟਨ ਜੀ ਐਸ ਸਿੱਧੂ ਨੂੰ ਸਨਮਾਨਤ ਕਰਨ ਦੀਆਂ ਤਸਵੀਰਾਂ ਸਕੂਨ ਦੇ ਰਹੀਆਂ ਸਨ। ਯੰਗ ਬਰਿਗੇਡ ਦੇ ਮੈਂਬਰਾਂ ਨੂੰ ਮਾਣ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਦਾ ਰਹਿਨੁਮਾ ਕੈਪਟਨ ਸਿੱਧੂ ਇਕ ਮਹਾਨ ਸਰਵੋਤਮ ਖਿਡਾਰੀ ਰਿਹਾ ਹੈ। ਐਲਡਰਜ਼ ਸੋਸਾਇਟੀ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਜਦੋਂ ਵਡੇਰੀ ਉਮਰ ਕਰਕੇ ਕੈਪਟਨ ਸਿੱਧੂ ਨੇ ਅਸਮਰਥਾ ਪ੍ਰਗਟਾਈ ਤਾਂ ਮੈਂਬਰਾਂ ਨੇ ਉਨ੍ਹਾਂ ਨੂੰ ਆਪਣਾ ਸਰਪ੍ਰਸਤ ਬਣਾਕੇ ਐਚ ਐਮ ਸਿੰਘ ਪ੍ਰਧਾਨ, ਗੁਰਮੇਲ ਸਿੰਘ ਮੁੰਡੀ ਉਪ ਪ੍ਰਧਾਨ ਅਤੇ ਸੋਹਨ ਲਾਲ ਅਰੋੜਾ ਨੂੰ ਜਨਰਲ ਸਕੱਤਰ-ਕਮ ਖ਼ਜਾਨਚੀ ਚੁਣ ਲਿਆ। ਕੈਪਟਨ ਸਿੱਧੂ ਨੇ ਮੈਂਬਰਾਂ ਨੂੰ ਆਸ਼ੀਰਵਾਦ ਦਿੱਤੀ। ਯੰਗ ਬਿ੍ਰਗੇਡ ਦੇ ਮੈਂਬਰਾਂ ਨੇ ਕੈਪਟਨ ਸਿੱਧੂ ਨਾਲ ਨੌਕਰੀ ਸਮੇਂ ਬਿਤਾਏ ਪਲਾਂ ਬਾਰੇ ਦੱਸਿਆ ਕਿ ਕਿਵੇਂ ਉਹ ਦਲੇਰੀ, ਲਗਨ ਅਤੇ ਦਿ੍ਰੜ੍ਹਤਾ ਨਾਲ ਆਪਣੇ ਅਮਲੇ ਦੀ ਅਗਵਾਈ ਕਰਦੇ ਸਨ। ਕੈਪਟਨ ਜੀ ਐਸ ਸਿੱਧੂ ਸ਼ੁਰੂ ਤੋਂ ਹੀ ਕੁਝ ਨਵਾਂ ਕਰਨ ਦੇ ਇਛੱਕ ਸਨ। ਉਹ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਦਿਹਾਤੀ ਵਿਕਾਸ ਵਿਭਾਗ ਵਿੱਚ ਬਤੌਰ ਪੰਚਾਇਤ ਅਧਿਕਾਰੀ ਚੁਣੇ ਗਏ, ਫਿਰ ਮਾਸ ਮੀਡੀਆ ਅਧਿਕਾਰੀ ਚੁਣੇ ਗਏ, ਜਦੋਂ ਚੀਨ ਨਾਲ ਭਾਰਤ ਦੀ ਲੜਾਈ ਲੱਗੀ ਤਾਂ ਦੇਸ਼ ਭਗਤੀ ਦੇ ਜ਼ਜ਼ਬੇ ਨੇ ਉਛਾਲਾ ਖਾਧਾ, ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਸਿਵਲ ਅਧਿਕਾਰੀਆਂ ਨੂੰ ਕੀਤੀ ਅਪੀਲ ‘ਤੇ ਫ਼ੌਜ ਵਿੱਚ ਭਰਤੀ ਹੋ ਕੇ ਸਰਹੱਦ ‘ਤੇ ਡਟ ਗਏ । 5 ਸਾਲ ਫ਼ੌਜ ਦੀ ਸੇਵਾ ਕਰਨ ਤੋਂ ਬਾਅਦ ਵਾਪਸ ਸਿਵਲ ਵਿੱਚ ਆ ਗਏ। ਫਿਰ ਉਹ ਲੋਕ ਸੰਪਰਕ ਅਧਿਕਾਰੀ ਦੇ ਤੌਰ ਤੇ ਚੁਣੇ ਗਏ। ਕਮਾਲ ਦੀ ਗੱਲ ਹੈ ਕਿ ਕੈਪਟਨ ਸਿੱਧੂ ਹਮੇਸ਼ਾ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਹੀ ਚੁਣੇ ਜਾਂਦੇ ਰਹੇ ਹਨ। ਲੋਕ ਸੰਪਰਕ ਅਧਿਕਾਰੀ ਤੋਂ ਉਹ ਤਰੱਕੀ ਕਰਦੇ ਜਾਇੰਟ ਡਾਇਰੈਕਟਰ ਬਣ ਗਏ। ਉਨ੍ਹਾਂ ਪੰਜਾਬ ਦੇ ਸਰਹੱਦੀ ਜਿਲਿ੍ਹਆਂ ਫੀਰੋਜਪੁਰ ਅਤੇ ਫਰੀਦਕੋਟ ਵਿਖੇ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਅਤੇ ਬਾਅਦ ਵਿੱਚ ਡਿਪਟੀ ਡਾਇਰੈਕਟਰ ਬਾਰਡਰ ਅੰਮਿ੍ਰਤਸਰ ਵਿਖੇ ਸੇਵਾ ਨਿਭਾਈ। ਦਿੱਲੀ ਅਤੇ ਚੰਡੀਗੜ੍ਹ ਵਿਖੇ ਬਤੌਰ ਜਾਇੰਟ ਡਾਇਰੈਕਟਰ ਸੇਵਾ ਨਿਭਾਉਂਦੇ ਰਹੇ। ਜਦੋਂ ਯੰਗ ਬਿ੍ਰਗੇਡ ਵਾਪਸ ਆਉਣ ਲੱਗੀ ਤਾਂ ਪਰਿਵਾਰ ਨਾਲ ਇਕ ਗਰੁਪ ਫੋਟੋ ਖਿਚਵਾਈ ਗਈ। ਕੈਪਟਨ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਬਿਤਾਏ ਪਲ ਯਾਦਗਾਰੀ ਹੋ ਨਿਬੜੇ।
ਉਜਾਗਰ ਸਿੰਘ