ਬਰਮਿੰਘਮ- ਜੇਮਿਮਾ ਰੋਡ੍ਰਿਗੇਜ ਦੇ ਅਜੇਤੂ ਅਰਧ ਸੈਂਕੜੇ (56 ਦੌੜਾਂ) ਤੇ ਸ਼ੈਫਾਲੀ ਵਰਮਾ ਦੀ 43 ਦੌੜਾਂ ਦੀ ਹਮਲਾਵਰ ਪਾਰੀ ਤੋਂ ਬਾਅਦ ਰੇਣੂਕਾ ਸਿੰਘ (4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਮੰਡਲ ਖੇਡਾਂ-2022 ਦੀ ਕ੍ਰਿਕਟ ਪ੍ਰਤੀਯੋਗਿਤਾ ਦੇ ਲੀਗ ਮੈਚ ਵਿਚ ਬਾਰਬਾਡੋਸ ਨੂੰ 100 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਮਹਿਲਾ ਟੀਮ ਨੇ 20 ਓਵਰਾਂ ਵਿਚ 4 ਵਿਕਟਾਂ ’ਤੇ 162 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ, ਜਿਸ ਦੇ ਜਵਾਬ ਵਿਚ ਬਾਰਬਾਡੋਸ ਦੀ ਟੀਮ ਸਿਰਫ 62 ਦੌੜਾਂ ’ਤੇ ਹੀ ਸਿਮਟ ਗਈ। ਭਾਰਤੀ ਟੀਮ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਭਾਰਤ ਨੂੰ ਪਹਿਲੇ ਮੈਚ ਵਿਚ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਉਸ ਨੇ ਦੂਜੇ ਮੈਚ ਵਿਚ ਪਾਕਿਸਤਾਨ ਨੂੰ ਹਰਾਇਆ ਸੀ।