ਨਵੀਂ ਦਿੱਲੀ, 16 ਜੂਨ (ਦਲਜੀਤ ਸਿੰਘ)- ਪੁਰਤਗਾਲ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦੁਨੀਆ ਦੇ ਸਭ ਤੋਂ ਫਿੱਟ ਖਿਡਾਰੀਆਂ ਵਿਚੋਂ ਇਕ ਹਨ। ਰੋਨਾਲਡੋ ਫੁੱਟਬਾਲ ਮੈਦਾਨ ਦੇ ਅੰਦਰ ਅਤੇ ਬਾਹਰ ਦੋਵਾਂ ਜਗ੍ਹਾਵਾਂ ’ਤੇ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਹੰਗਰੀ ਖ਼ਿਲਾਫ਼ ਪੁਰਤਗਾਲ ਟੀਮ ਦੇ ਯੂਰੋ 2020 ਦੇ ਮੈਚ ਤੋਂ ਪਹਿਲਾਂ ਸਟਾਰ ਸਟ੍ਰਾਈਕਰ ਨੇ ਕੁੱਝ ਅਜਿਹਾ ਕੀਤਾ, ਜਿਸ ਨਾਲ ਦੁਨੀਆ ਦੀ ਦਿੱਗਜ ਕੰਪਨੀ ਕੋਕਾ ਕੋਲਾ ਕੰਪਨੀ ਨੂੰ 29,300 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ।
ਦਰਅਸਲ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿਚ ਜਿਵੇਂ ਹੀ ਰੋਨਾਲਡੋ ਆਏ, ਉਨ੍ਹਾਂ ਨੇ ਦੇਖਿਆ ਕਿ ਟੇਬਲ ’ਤੇ ਉਨ੍ਹਾਂ ਦੇ ਸਾਹਮਣੇ ਕੋਕਾ ਕੋਲਾ ਦੀਆਂ 2 ਬੋਤਲਾਂ ਰੱਖੀਆਂ ਹੋਈਆਂ ਹਨ। ਇਸ ਦੇ ਬਾਅਦ ਇਸ ਸਟਾਰ ਫੁੱਟਬਾਲਰ ਨੇ ਖ਼ੁਦ ਹੀ ਬੋਤਲਾਂ ਨੂੰ ਉਥੋਂ ਹਟਾ ਦਿੱਤਾ ਅਤੇ ਪਾਣੀ ਦੀ ਬੌਤਲ ਨੂੰ ਚੁੱਕ ਕੇ ਪ੍ਰਸ਼ੰਸਕਾਂ ਨੂੰ ਕੋਕਾ ਕੋਲ ਦੀ ਬਜਾਏ ਪਾਣੀ ਪੀਣ ਦੀ ਅਪੀਲ ਕੀਤੀ। ਰੋਨਾਲਡੋ ਦੀ ਇਸ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ। ਇਹ ਕੰਪਨੀ ਯੂਰੋ ਕੱਪ ਦੀ ਪ੍ਰਾਯੋਜਕ ਵੀ ਹੈ।
‘ਦਿ ਡੇਲੀ ਸਟਾਰ’ ਮੁਤਾਬਕ ਰੋਨਾਲਡੋ ਦੀ ਅਪੀਲ ਦੇ ਬਾਅਦ ਕੋਕਾ ਕੋਲਾ ਬਣਾਉਣ ਵਾਲੀ ਕੰਪਨੀ ਦੇ ਸ਼ੇਅਰ 1.6 ਫ਼ੀਸਦੀ ਤੱਕ ਡਿੱਗ ਗਏ। ਕੰਪਨੀ ਦਾ ਮਾਰਕਿਟ ਕੈਪ 242 ਅਰਬ ਡਾਲਰ ਤੋਂ ਘੱਟ ਕੇ 238 ਅਰਬ ਡਾਲਰ ’ਤੇ ਆ ਗਿਆ। ਯਾਨੀ ਕੰਪਨੀ ਨੂੰ ਇਕ ਦਿਨ ਵਿਚ 4 ਅਰਬ ਡਾਲਰ (29,300 ਕਰੋੜ ਰੁਪਏ) ਦਾ ਨੁਕਸਾਨ ਚੁੱਕਣਾ ਪਿਆ।ਦੱਸ ਦੇਈਏ ਕਿ ਯੂਰੋ ਕੱਪ ਦੇ ਪਹਿਲੇ ਮੈਚ ਵਿਚ ਪੁਰਤਗਾਲ ਨੇ ਹੰਗਰੀ ਨੂੰ 3-0 ਨਾਲ ਹਰਾਇਆ। ਰੋਨਾਲਡੋ ਨੇ 87ਵੇਂ ਮਿੰਟ ਵਿਚ ਪੈਨਲਟੀ ਸਪਾਟ ’ਤੇ ਗੋਲ ਕੀਤਾ ਅਤੇ ਫਿਰ ਇੰਜੁਰੀ ਟਾਈਮ ’ਚ ਦੂਜਾ ਗੋਲ ਕੀਤਾ।