ਜਲੰਧਰ- ਪੰਜਾਬ ’ਚ ਲੋਕਾਂ ਦੇ ਕੰਮਾਂ ਲਈ ਚੰਡੀਗੜ੍ਹ ਜਾਣ ਵਾਲੇ ਵਿਧਾਇਕਾਂ ਨੂੰ ਸਿਵਲ ਸਕੱਤਰੇਤ ’ਚ ਉੱਠਣ-ਬੈਠਣ ’ਚ ਹੁੰਦੀ ਸਮੱਸਿਆ ਤੋਂ ਸੂਬਾ ਸਰਕਾਰ ਨੇ ਛੁਟਕਾਰਾ ਦਿਵਾ ਦਿੱਤਾ ਹੈ। ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਵਿਧਾਇਕਾਂ ਦੇ ਬੈਠਣ ਲਈ ਪੰਜਾਬ ਸਿਵਲ ਸਕੱਤਰੇਤ-1 ਵਿਚ 5ਵੀਂ ਮੰਜ਼ਿਲ ’ਤੇ ਕਮਰਾ ਨੰਬਰ-14 ਅਲਾਟ ਕਰ ਦਿੱਤਾ ਗਿਆ ਹੈ।
ਵਿਧਾਇਕਾਂ ਦੀ ਆਮ ਤੌਰ ’ਤੇ ਸ਼ਿਕਾਇਤ ਰਹਿੰਦੀ ਸੀ ਕਿ ਜਦੋਂ ਉਹ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿਚ ਮੰਤਰੀਆਂ ਕੋਲੋਂ ਆਪਣੇ ਕੰਮ ਕਰਵਾਉਣ ਜਾਂਦੇ ਹਨ ਤਾਂ ਉਨ੍ਹਾਂ ਦੇ ਬੈਠਣ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਹੁੰਦਾ। ਵਿਧਾਇਕਾਂ ਦੀ ਮੰਗ ਨੂੰ ਵੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਵਿਚ ਦਖ਼ਲ ਦਿੰਦਿਆਂ ਪ੍ਰਸੋਨਲ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਵਿਧਾਇਕਾਂ ਨੂੰ ਸਿਵਲ ਸਕੱਤਰੇਤ ਵਿਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇ।
ਮੁੱਖ ਮੰਤਰੀ ਦੇ ਹੁਕਮਾਂ ਤੋਂ ਤੁਰੰਤ ਬਾਅਦ ਪ੍ਰਸੋਨਲ ਵਿਭਾਗ ਨੇ ਹਰਕਤ ਵਿਚ ਆ ਕੇ ਨੋਟੀਫਿਕੇਸ਼ਨ ਜਾਰੀ ਕਰਵਾ ਦਿੱਤੇ ਹਨ। ਹੁਣ ਵਿਧਾਇਕ 5ਵੀਂ ਮੰਜ਼ਿਲ ’ਤੇ ਆਪਣੇ ਕਮਰਿਆਂ ’ਚ ਆਰਾਮ ਨਾਲ ਬੈਠ ਸਕਣਗੇ।