ਰੋਹਤਕ– ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ’ਚ ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦੀ ਮਿਆਦ 17 ਜੁਲਾਈ ਨੂੰ ਖ਼ਤਮ ਹੋ ਗਈ, ਇਸ ਤੋਂ ਬਾਅਦ ਉਹ ਜੇਲ੍ਹ ’ਚ ਵਾਪਸ ਚਲਾ ਗਿਆ ਹੈ। ਰਾਮ ਰਹੀਮ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ 17 ਜੂਨ ਨੂੰ ਪੈਰੋਲ ’ਤੇ ਬਾਹਰ ਆਇਆ ਅਤੇ ਇਸ ਦੌਰਾਨ ਬਾਗਪਤ ਸਥਿਤ ਬਰਵਾਨਾ ਆਸ਼ਰਮ ’ਚ ਰਿਹਾ। ਡੇਰਾ ਸੱਚਾ ਸੌਦਾ ਮੁਖੀ ਨੇ ਇਸ ਵਾਰ ਪੈਰੋਲ ਦੌਰਾਨ ਇਕ ਐਲਬਮ ਵੀ ਜਾਰੀ ਕੀਤੀ ਨਾਲ ਹੀ ਮੰਚ ’ਤੇ ਆ ਕੇ ਸੰਗਤ ਲਈ ਸਤਸੰਗ ਵੀ ਕੀਤਾ।
ਰਾਮ ਰਹੀਮ ਨੇ ਪੈਰੋਲ ਦਾ ਇਹ ਸਮਾਂ ਯੂ.ਪੀ. ਦੇ ਬਾਗਪਤ ਜ਼ਿਲ੍ਹੇ ਦੇ ਬਰਵਾਨਾ ਡੇਰੇ ’ਚ ਬਿਤਾਇਆ। 17 ਜੁਲਾਈ ਦੀ ਸ਼ਾਮ ਨੂੰ ਪੈਰੋਲ ਦਾ ਸਮਾਂ ਪੂਰਾ ਹੋ ਗਿਆ ਸੀ। ਇਸ ਤੋਂ ਬਾਅਦ ਸੋਮਵਾਰ ਦੁਪਹਿਰ ਤੋਂ ਬਾਅਦ ਕਰੀਬ 5 ਵਜੇ ਚਾਰ ਗੱਡੀਆਂ ਦੇ ਕਾਫ਼ਿਲੇ ’ਚ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਲਿਆਇਆ ਗਿਆ।
ਉੱਥੇ ਹੀ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਕਿ ਰਾਮ ਰਹੀਮ ਨੂੰ 1 ਮਹੀਨੇ ਦੀ ਪੈਰੋਲ ਮਿਲੀ ਸੀ ਜਿਸ ਨੂੰ ਪੂਰੀ ਕਰਕੇ ਸੋਮਵਾਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਪਰਤ ਆਇਆ ਹੈ। ਉਹ ਇਕ ਧਾਰਮਿਕ ਗੁਰੂ ਹੈ। ਲੋਕਾਂ ਦੀ ਉਸ ਵਿਚ ਆਸਥਾ ਹੈ, ਉਹ ਵਿਸ਼ਾ ਵੱਖਰਾ ਹੈ ਪਰ ਰੋਹਤਕ ’ਚ ਉਹ ਇਕ ਆਮ ਕੈਦੀ ਦੇ ਰੂਪ ’ਚ ਰਹਿ ਰਿਹਾ ਹੈ। ਅੱਗੇ ਵੀ ਆਮਕੈਦੀ ਦੀ ਤਰ੍ਹਾਂ ਜੋ ਸੁਵਿਧਾਵਾਂ ਜਾਂ ਪੈਰੋਲ ਉਨ੍ਹਾਂ ਨੂੰ ਮਿਲਦੀ ਹੈ ਉਹ ਮਿਲਦੀ ਰਹੇਗੀ।
ਦੱਸ ਦੇਈਏ ਕਿ ਅਗਸਤ 2017 ’ਚ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਜ਼ਬਰ-ਜਨਾਹ ਦੇ ਮਾਮਲੇ ’ਚ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਪੰਚਕੂਲਾ ’ਚ ਹਿੰਸਾ ਭੜਕ ਗਈ ਸੀ। ਸੁਰੱਖਿਆ ਕਾਰਨਾਂ ਦੇ ਚਲਦੇ ਰਾਮ ਰਹੀਮ ਨੂੰ ਹੈਲੀਕਾਪਟਰ ਰਾਹੀਂ ਰੋਹਤਕ ਦੀ ਸੁਨਾਰੀਆ ਜੇਲ੍ਹ ਲਿਆਇਆ ਗਿਆ ਸੀ। ਉਦੋਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਹੈ। ਇਕ ਮਹੀਨਾ ਪਹਿਲਾਂ ਉਸਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।