ਅਹਿਮ ਖ਼ਬਰ : ਹੁਣ ਚੰਨੀ ਸਰਕਾਰ ਵੇਲੇ ਦਾ ਖੇਡ ਕਿੱਟ ਘਪਲਾ ਆਇਆ ਸਾਹਮਣੇ!

ਚੰਡੀਗੜ੍ਹ- ਪੰਜਾਬ ‘ਚ ਪਿਛਲੀ ਚੰਨੀ ਸਰਕਾਰ ਦੇ ਸਮੇਂ ਦਾ ਖੇਡ ਕਿੱਟ ਘਪਲਾ ਸਾਹਮਣੇ ਆਇਆ ਹੈ। ਚੰਨੀ ਸਰਕਾਰ ਵੇਲੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਖੇਡ ਕਿੱਟਾਂ ਲਈ ਸਿੱਧਾ ਖਿਡਾਰੀਆਂ ਦੇ ਖ਼ਾਤਿਆਂ ‘ਚ ਪੈਸੇ ਪਾਏ ਗਏ ਸਨ। ਦੂਜੇ ਦਿਨ ਹੀ ਮੋੜਵੇਂ ਰੂਪ ‘ਚ ਖਿਡਾਰੀਆਂ ਤੋਂ ਚੈੱਕ/ਬੈਂਕ ਡਰਾਫਟ ਦੇ ਰੂਪ ‘ਚ ਰਾਸ਼ੀ ਵਾਪਸ ਲੈ ਲਈ ਗਈ। ਇਸ ਦੇ ਲਈ ਕਰੀਬ 10 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਦੀ ਸ਼ਨਾਖ਼ਤ ਕੀਤੀ ਗਈ ਸੀ।
ਇਨ੍ਹਾਂ ‘ਚੋਂ 1400 ਦੇ ਕਰੀਬ ਖਿਡਾਰੀਆਂ ਦੇ ਬੈਂਕ ਖ਼ਾਤੇ ਤਸਦੀਕ ਨਹੀਂ ਹੋ ਸਕੇ ਸਨ। ਇਸ ਨੂੰ ਲੈ ਕੇ ਪਿਛਲੀ ਸਰਕਾਰ ਘਿਰੀ ਹੋਈ ਹੈ। ਇਸ ਮਾਮਲੇ ਦੀ ਮੁੱਢਲੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਖਿਡਾਰੀਆਂ ਤੋਂ ਰਕਮ ਵਾਪਸ ਲੈਣ ਲਈ ਲਿਖ਼ਤੀ ਹੁਕਮ ਨਹੀਂ ਦਿੱਤੇ ਗਏ ਸਨ। ਸਿਰਫ ਜ਼ੁਬਾਨੀ ਹੁਕਮਾਂ ‘ਤੇ ਹੀ ਜ਼ਿਲ੍ਹਾ ਖੇਡ ਅਫ਼ਸਰਾਂ ਜ਼ਰੀਏ ਖਿਡਾਰੀਆਂ ਤੋਂ ਉਨ੍ਹਾਂ ਦੇ ਖ਼ਾਤਿਆਂ ‘ਚ ਆਈ ਰਕਮ ਦੇ ਚੈੱਕ ਅਤੇ ਡਰਾਫਟ ਲਏ ਗਏ ਸਨ।
ਆਮ ਆਦਮੀ ਪਾਰਟੀ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਦਾ ਕਹਿਣਾ ਹੈ ਕਿ ਕਿ ਮੁੱਢਲੀ ਪੜਤਾਲ ਦੌਰਾਨ ਖੇਡ ਕਿੱਟਾਂ ਦੀ ਖ਼ਰੀਦ ਦਾ ਪੂਰਾ ਮਾਮਲਾ ਸ਼ੱਕੀ ਹੈ ਕਿਉਂਕਿ ਜੇਕਰ ਉਦੋਂ ਮਹਿਕਮੇ ਨੇ ਸਿੱਧਾ ਲਾਭ ਸਕੀਮ ਤਹਿਤ ਖੇਡ ਕਿੱਟਾਂ ਦੀ ਰਾਸ਼ੀ ਖਿਡਾਰੀਆਂ ਦੇ ਖ਼ਾਤਿਆਂ ‘ਚ ਪਾ ਦਿੱਤੀ ਸੀ ਤਾਂ ਇਹ ਰਾਸ਼ੀ ਖੇਡ ਫ਼ਰਮਾਂ ਦੇ ਨਾਂ ‘ਤੇ ਵਾਪਸ ਲੈਣ ਦੀ ਕੀ ਤੁੱਕ ਬਣਦੀ ਸੀ। ਇਸ ਦੇ ਟੈਂਡਰ ਕਿਉਂ ਨਹੀਂ ਕੀਤੇ ਗਏ? ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਸਿਫਾਰਿਸ਼ ਲਈ ਚਿੱਠੀ ਲਿਖ ਦਿੱਤੀ ਗਈ ਹੈ।

Leave a Reply

Your email address will not be published. Required fields are marked *