ਮਾਨਸਾ – ਬਹੁ-ਚਰਚਿਤ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਬੇਸ਼ੱਕ ਕੁਝ ਵਿਅਕਤੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਨਵੇਂ ਵਿਅਕਤੀਆਂ ਦਾ ਨਾਂ ਸਾਹਮਣੇ ਆ ਰਿਹਾ ਹੈ ਪਰ ਜ਼ਿਲ੍ਹਾ ਪੁਲਸ ਮੁਖੀ ਗੌਰਵ ਤੂਰਾ ਵੱਲੋਂ ਇਸ ਸਬੰਧੀ ਸ਼ੋਸ਼ਲ ਮੀਡੀਆ ਤੇ ਹੋਰ ਥਾਵਾਂ ’ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਅਤੇ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਪੁਲਸ ਮੁਖੀ ਦਾ ਦਾਅਵਾ ਹੈ ਕਿ ਸਿੱਧੂ ਮੂਸੇਵਾਲਾ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮਾਨਸਾ ਤੇ ਪੰਜਾਬ ਭਰ ਦੀ ਪੁਲਸ ਦਿਨ-ਰਾਤ ਲੱਗੀ ਹੋਈ ਹੈ। ਐੱਸ. ਐੱਸ. ਪੀ. ਤੂਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਬਣਾਈ ਗਈ ‘ਸਿੱਟ’ ਵਿਚ ਕੁਝ ਅਫਸਰਾਂ ਜਿਸ ਵਿਚ ਏ. ਡੀ.ਜੀ.ਪੀ. ਪ੍ਰਮੋਦ ਬਾਨ, ਆਈ.ਜੀ. ਜਸਕਰਨ ਸਿੰਘ, ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ ਨੂੰ ਬਾਏ ਨੇਮ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਉਹ ਅਤੇ ਮਾਨਸਾ ਦੇ ਹੋਰ ਅਧਿਕਾਰੀ ਬਤੌਰ ਪੁਲਸ ਅਹੁਦੇ ਵਜੋਂ ‘ਸਿੱਟ’ ਵਿਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਜੋ ਥਾਣਾ ਸਿਟੀ-1 ਮਾਨਸਾ ਦੇ ਮੁਖੀ ਦੀ ਬਦਲੀ ਨੂੰ ਲੈ ਕੇ ਮੂਸੇਵਾਲਾ ਕਤਲ ਕਾਂਡ ਜਾਂਚ ਅਫਸਰ ਬਦਲਣ ਦੀ ਅਫਵਾਹ ਫੈਲੀ ਹੈ, ਉਸ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਇਕ ਰੂਟੀਨ ਦੀ ਬਦਲੀ ਹੈ। ਥਾਣਾ ਸਿਟੀ-1 ਦਾ ਜੋ ਵੀ ਇੰਚਾਰਜ ਹੋਵੇਗਾ, ਉਹ ਇਸ ‘ਸਿੱਟ’ ਵਿਚ ਸ਼ਾਮਲ ਹੈ। ਇਸ ਕਰ ਕੇ ਜਾਂਚ ਅਧਿਕਾਰੀ ਬਦਲਣ ਦੀਆਂ ਗੱਲਾਂ ਉਸਾਰੀਆਂ ਨਾ ਜਾਣ।