ਅੰਮ੍ਰਿਤਸਰ- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਦੀ ਅਦਾਲਤ ਤੋਂ ਟਰਾਂਜਿਟ ਰਿਮਾਂਡ ਹਾਸਲ ਕਰਨ ਤੋਂ ਬਾਅਦ ਹੁਸ਼ਿਆਰਪੁਰ ਪੁਲਸ ਨੇ ਸੁਰੱਖਿਆ ਦੀ ਉਲੰਘਣਾ ਦੇ ਸ਼ੱਕ ਵਿਚ ਉਸ ਨੂੰ ਅਦਾਲਤ ਵਿਚ ਰੋਕ ਕੇ ਰੱਖਿਆ। ਕਰੀਬ ਇਕ ਘੰਟੇ ਤੱਕ ਅੰਮ੍ਰਿਤਸਰ ਪੁਲਸ ਅਦਾਲਤ ਦੇ ਬਾਹਰ ਭੀੜ ਨਾਲ ਨਜਿੱਠਦੀ ਨਜ਼ਰ ਆਈ। ਜਦੋਂ ਅਦਾਲਤ ਤੋਂ ਹੁਸ਼ਿਆਰਪੁਰ ਵੱਲ ਨੂੰ ਜਾਣ ਵਾਲਾ ਰਸਤਾ ਸਾਫ ਹੋ ਗਿਆ ਤਾਂ ਪੁਲਸ ਨੇ ਉਸ ਨੂੰ ਕਚਹਿਰੀ ਵਿਚੋਂ ਬਾਹਰ ਕੱਢਿਆ ਅਤੇ ਵੱਡੇ ਸੁਰੱਖਿਆ ਕਾਫਲੇ ਨਾਲ ਬੁਲੇਟ ਪਰੂਫ ਗੱਡੀ ਵਿੱਚ ਭੇਜ ਦਿੱਤਾ।
ਪੁਲਸ ਲਈ ਡਿਊਟੀ ’ਤੇ ਮੌਜੂਦ ਲੋਕਾਂ ਨੂੰ ਰੋਕਣਾ ਹੋਇਆ ਔਖਾ
ਬੀਤੇ ਦਿਨ ਸਵੇਰੇ 7:30 ਵਜੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵਲੋਂ ਭਾਰੀ ਸੁਰੱਖਿਆ ਹੇਠ ਅੰਮ੍ਰਿਤਸਰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਪੇਸ਼ੀ ਤੋਂ ਬਾਅਦ ਹੁਸ਼ਿਆਰਪੁਰ ਪੁਲਸ ਨੇ ਉਸ ਦਾ ਟਰਾਂਜਿਟ ਰਿਮਾਂਡ ਹਾਸਲ ਕੀਤਾ। ਮਾਣਯੋਗ ਅਦਾਲਤ ਵਿਚ ਪੇਸ਼ੀ ਅਤੇ ਕਾਗਜ਼ੀ ਕਾਰਵਾਈ ਵਿਚ 9 ਵੱਜ ਚੁੱਕੇ ਸਨ। ਸੁਰੱਖਿਆ ਦੇ ਮੱਦੇਨਜ਼ਰ ਪੁਲਸ ਵਲੋਂ ਸੀਲ ਕੀਤੇ ਸੜਕ ’ਤੇ ਖੜ੍ਹੇ ਸਰਕਾਰੀ ਮੁਲਾਜ਼ਮਾਂ ਅਤੇ ਡਿਊਟੀ ’ਤੇ ਪੁੱਜੇ ਪ੍ਰਾਈਵੇਟ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਰਸਤਾ ਖੋਲ੍ਹ ਦਿੱਤਾ ਅਤੇ ਲੋਕ ਵੀ ਜ਼ਿਲ੍ਹਾ ਕਚਹਿਰੀ ਦੇ ਬਾਹਰ ਇਕੱਠੇ ਹੋ ਗਏ, ਜਿਸ ਨੂੰ ਦੇਖ ਪੁਲਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਵਿਚ ਸ਼ੱਕ ਹੋਇਆ ਤਾਂ ਪੁਲਸ ਨੇ ਉਸ ਨੂੰ ਅਦਾਲਤ ਵਿਚ ਇਕ ਘੰਟੇ ਦੇ ਕਰੀਬ ਰੋਕ ਕੇ ਰੱਖਿਆ। ਸਾਰੇ ਰਸਤੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਗੈਂਗਸਟਰ ਬਿਸ਼ਨੋਈ ਨੂੰ ਅਦਾਲਤ ਤੋਂ ਬਾਹਰ ਕੱਢ ਕੇ ਵੱਡੇ ਕਾਫਲੇ ਨਾਲ ਹੁਸ਼ਿਆਰਪੁਰ ਰਵਾਨਾ ਕੀਤਾ ਗਿਆ।
ਰਿਮਾਂਡ ਦੌਰਾਨ 13 ਦਿਨਾਂ ’ਚ ਅੰਮ੍ਰਿਤਸਰ ਪੁਲਸ ਨੇ ਕੀਤੀ ਪੁੱਛਗਿੱਛ
ਪਿਛਲੇ 13 ਦਿਨਾਂ ਤੋਂ ਅੰਮ੍ਰਿਤਸਰ ਪੁਲਸ ਰਿਮਾਂਡ ’ਤੇ ਚੱਲ ਰਹੇ ਗੈਂਗਸਟਰ ਲਾਰੈਂਸ ਬਿਸਨੋਈ ਤੋਂ ਹਰ ਪਹਿਲੂ ’ਤੇ ਪੁੱਛਗਿੱਛ ਕੀਤੀ ਗਈ। ਅੰਮ੍ਰਿਤਸਰ ਪੁਲਸ ਨੇ ਗੈਂਗਸਟਰ ਰਾਣਾ ਕੰਦੋਵਾਲੀ ਕਤਲ ਕੇਸ ਵਿਚ ਉਸ ਨੂੰ ਰਿਮਾਂਡ ’ਤੇ ਲਿਆ ਸੀ। ਜਾਂਚ ਪੂਰੀ ਕਰਨ ਤੋਂ ਬਾਅਦ ਪੁਲਸ ਹੁਣ ਇਸ ਰਿਪੋਰਟ ਨੂੰ ਕੇਸ ਨਾਲ ਜੋੜ ਦੇਵੇਗੀ, ਜਿਸ ਨੂੰ ਅਦਾਲਤ ਵਿਚ ਚੱਲ ਰਹੇ ਕੇਸ ਨਾਲ ਜੋੜਿਆ ਜਾਵੇਗਾ।