ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ ‘ਚ ਬੁੱਧਵਾਰ ਤੜਕੇ ਸਵੇਰ ਤੋਂ ਪੈ ਰਹੇ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦੁਆਈ, ਉੱਥੇ ਹੀ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ। ਚੰਡੀਗੜ੍ਹ-ਮੋਹਾਲੀ ‘ਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਸੜਕਾਂ ਪੂਰੀ ਤਰ੍ਹਾਂ ਪਾਣੀ ‘ਚ ਡੁੱਬ ਗਈਆਂ। ਸੜਕਾਂ ‘ਤੇ ਚੱਲਣ ਵਾਲੇ ਵਾਹਨ ਪਾਣੀ ‘ਚ ਡੁੱਬ ਗਏ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ। ਪਾਣੀ ‘ਚ ਲੋਕਾਂ ਦੇ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਬੰਦ ਹੋ ਗਈਆਂ। ਸ਼ਹਿਰ ਦੀਆਂ ਕਾਲੋਨੀਆਂ ਦਾ ਹੋਰ ਵੀ ਬੁਰਾ ਹਾਲ ਹੋਇਆ। ਇੱਥੇ ਮੀਂਹ ਦੇ ਪਾਣੀ ਨਾਲ ਸੀਵਰੇਜ ਦਾ ਗੰਦਾ ਪਾਣੀ ਵੀ ਘਰਾਂ ‘ਚ ਦਾਖ਼ਲ ਹੋ ਗਿਆ। ਸ਼ਹਿਰ ਦੇ ਕਈ ਸੈਕਟਰਾਂ ‘ਚ ਸੜਕਾਂ ‘ਤੇ ਕਰੀਬ 2 ਫੁੱਟ ਤੱਕ ਪਾਣੀ ਭਰ ਗਿਆ।
ਸ਼ਹਿਰ ਦੇ ਕਈ ਲਾਈਟ ਪੁਆਇੰਟ ਵੀ ਬੰਦ ਪਏ ਹੋਏ ਹਨ। ਸੜਕਾਂ ‘ਤੇ ਭਰੇ ਪਾਣੀ ਵਿਚਕਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਸਮੱਸਿਆ ਵੀ ਆ ਰਹੀ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰਵਾਉਣੀ ਪੈ ਗਈ। ਕਈ ਸੈਕਟਰਾਂ ਦੀਆਂ ਗਲੀਆਂ ‘ਚ ਪਾਣੀ ਇੰਨਾ ਜ਼ਿਆਦਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।