ਨੈਸ਼ਨਲ ਡੈਸਕ– ਭਾਰਤੀ ਮੌਸਮ ਵਿਭਾਗ (IMD) ਨੇ ਮੁੰਬਈ ਸਮੇਤ ਪੱਛਮੀ ਤੱਟੀ ਖੇਤਰਾਂ ਦੇ ਕਈ ਇਲਾਕਿਆਂ ’ਚ ਮੋਹਲੇਧਾਰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ’ਚ ਦੱਸਿਆ ਕਿ ਮੁੰਬਈ ਅਤੇ ਠਾਣੇ ’ਚ ਸ਼ੁੱਕਰਵਾਰ ਤੱਕ ਮੋਹਲੇਧਾਰ ਮੀਂਹ ਪੈ ਸਕਦਾ ਹੈ। ਦੱਸ ਦੇਈਏ ਕਿ ਮੁੰਬਈ ‘ਚ ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ‘ਚ ਪਾਣੀ ਭਰ ਗਿਆ ਹੈ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਦੌਰਾਨ ਸ਼ਹਿਰ ਅਤੇ ਇਸ ਦੇ ਉਪਨਗਰਾਂ ਵਿਚ ਮੱਧਮ ਤੋਂ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਵੱਖ-ਵੱਖ ਥਾਵਾਂ ‘ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਕਹਿਣਾ ਹੈ ਕਿ 3,500 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਭੇਜਿਆ ਗਿਆ ਹੈ। ਸ਼ਿੰਦੇ ਨੇ ਮੰਗਲਵਾਰ ਨੂੰ ਮੀਂਹ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸੂਬੇ ਭਰ ’ਚ 3,500 ਤੋਂ ਵੱਧ ਲੋਕਾਂ ਨੂੰ ਹੜ੍ਹ ਸੰਭਾਵਿਤ ਅਤੇ ਕਮਜ਼ੋਰ ਥਾਵਾਂ ਤੋਂ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਉਹ ਮਹਾਂਨਗਰ ਵਿਚ ਬ੍ਰਿਹਨਮੁੰਬਈ ਨਗਰ ਨਿਗਮ ਦੇ ਡਿਜ਼ਾਸਟਰ ਕੰਟਰੋਲ ਰੂਮ ਦੇ ਦੌਰੇ ਦੌਰਾਨ ਮੀਂਹ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।