ਜਲੰਧਰ/ਸੰਗਰੂਰ (ਸੁਨੀਲ ਧਵਨ, ਬੇਦੀ, ਸਿੰਗਲਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਲੋਕਤੰਤਰ ਵਿਚ ਸਾਰੇ ਆਗੂਆਂ ਨੂੰ ਲੋਕਾਂ ਦੀ ਤਾਕਤ ਅੱਗੇ ਸਿਰ ਝੁਕਾਉਣਾ ਪੈਂਦਾ ਹੈ । ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਨਿਕੰਮੀ ਕਾਰਗੁਜ਼ਾਰੀ ਵਿਖਾਉਣ ਵਾਲੇ ਸੁਖਬੀਰ ਬਾਦਲ , ਬਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਵਿਰਸਾ ਸਿੰਘ ਵਲਟੋਹਾ ਆਦਿ ਵਰਗੇ ਵੱਡੇ ਆਗੂਆਂ ਨੂੰ ਲੋਕਾਂ ਨੇ ਹਰਾ ਕੇ ਘਰਾਂ ’ਚ ਬਿਠਾ ਦਿੱਤਾ। ਮੁੱਖ ਮੰਤਰੀ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਸੰਬੰਧੀ ਪਿੰਡ ਠੀਕਰੀਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ‘ਚ ਵੋਟਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਦੇ ਪੰਜਾਬ ’ਤੇ 25 ਸਾਲ ਰਾਜ ਕਰਨ ਦੀ ਗੱਲ ਕਰਦੇ ਸਨ ਪਰ ਅੱਜ ਲੋਕਾਂ ਦੀ ਤਾਕਤ ਨੇ ਉਨ੍ਹਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ, ਜਿਸ ਕਾਰਨ ਹੁਣ ਉਨ੍ਹਾਂ ਦੀ ਪਾਰਟੀ ਦੇ 3 ਵਿਧਾਇਕ ਹਨ। ਲੋਕਾਂ ਨੇ ਸੁਖਬੀਰ ਬਾਦਲ ਵਰਗੇ ਲੀਡਰਾਂ ਨੂੰ ਘਰ ਬਿਠਾ ਦਿੱਤਾ। ਮੁੱਖ ਮੰਤਰੀ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਚੋਣਾਂ ਵਿਚ ਆਪਣੀਆਂ ਦੋਵੇਂ ਸੀਟਾਂ ਹਾਰ ਗਏ ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਇਹ ਲੋਕਾਂ ਦੀ ਤਾਕਤ ਹੈ, ਜਿਸ ਨੇ ਵੱਡੇ ਆਗੂਆਂ ਨੂੰ ਕਿਹਾ ਹੈ ਕਿ ਉਹ ਹੰਕਾਰ ਵਿਚ ਨਾ ਆਉਣ। ਲੋਕ ਹੰਕਾਰ ਕਰਨ ਵਾਲੇ ਲੀਡਰਾਂ ਨੂੰ ਘਰ ਬਿਠਾ ਦਿੰਦੀ ਹੈ। ਇਸ ਮੌਕੇ ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਸਿਆਸਤਦਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਪਣੀ ਸਰਕਾਰ ਦੇ ਇਕ ਮੰਤਰੀ ਨੂੰ ਜੇਲ੍ਹ ਭੇਜ ਦਿੱਤਾ ਹੈ। ਕਾਂਗਰਸ ਦੇ ਇਕ-ਦੋ ਆਗੂ ਵੀ ਸਲਾਖਾਂ ਪਿੱਛੇ ਹਨ ਜਦਕਿ 4-5 ਹੋਰ ਆਗੂਆਂ ਦਾ ਨੰਬਰ ਵੀ ਲੱਗਣ ਵਾਲਾ ਹੈ। ਜਿਨ੍ਹਾਂ ਆਗੂਆਂ ਨੇ ਵੱਡੇ-ਵੱਡੇ ਘਪਲੇ ਕੀਤੇ ਹਨ ਅਤੇ ਜਨਤਾ ਦਾ ਪੈਸਾ ਲੁੱਟਿਆ ਹੈ, ਉਨ੍ਹਾਂ ਦਾ ਪੂਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਦੀਆਂ ਫਾਈਲਾਂ ਮੇਰੇ ਕੋਲ ਪਹੁੰਚ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਸੰਗਰੂਰ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਪੋਸਟਰ ਤਾਂ ਲੱਗੇ ਸਨ ਪਰ ਸੁਖਬੀਰ ਬਾਦਲ ਦੀ ਤਸਵੀਰ ਨਹੀਂ ਹੈ ਪਰ ਅਗਲੀ ਵਾਰ ਅਕਾਲੀ ਦਲ ਦੇ ਪੋਸਟਰ ਵੀ ਨਜ਼ਰ ਨਹੀਂ ਆਉਣਗੇ। ਇਹ ਉਹੀ ਆਗੂ ਹੈ, ਜੋ ਪੰਜਾਬ ’ਤੇ 25 ਸਾਲ ਰਾਜ ਕਰਨ ਦੀ ਗੱਲ ਵਾਰ-ਵਾਰ ਕਰਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਦੇ ਪੈਸੇ ਨੂੰ ਲੁੱਟਣ ਵਾਲੀਆਂ ਚਿੱਟ ਫੰਡ ਕੰਪਨੀਆਂ ਦੀਆਂ ਜ਼ਮੀਨਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਲੋਕਾਂ ਦਾ ਪੈਸਾ ਵਾਪਸ ਕੀਤਾ ਜਾਵੇਗਾ।
ਕਾਂਗਰਸ ’ਤੇ ਵਰ੍ਹਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ 4-5 ਆਗੂ ਪਹਿਲਾਂ ਹੀ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਹਰ ਰੋਜ਼ ਕੋਈ ਨਾ ਕੋਈ ਆਗੂ ਇਧਰ-ਉਧਰ ਜਾ ਰਿਹਾ ਹੈ। ਉਨ੍ਹਾਂ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਨਿਵਾਸ ’ਤੇ ਦਿੱਤੇ ਧਰਨੇ ਬਾਰੇ ਕਿਹਾ ਕਿ ਕਾਂਗਰਸੀ ਸਾਧੂ ਸਿੰਘ ਧਰਮਸੌਤ ਦੇ ਹੱਕ ’ਚ ਧਰਨੇ ’ਤੇ ਆਏ ਸਨ । ਕਾਂਗਰਸ ਨੇ ਰਿਸ਼ਵਤ ਨੂੰ ਆਪਣਾ ਹੱਕ ਮੰਨ ਲਿਆ ਜਾਪਦਾ ਹੈ। ਇਸ ਮੌਕੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ, ਅਕਾਲੀ ਦਲ ਦੇ ਉਮੀਦਵਾਰ ਗੁਰਮੇਲ ਸਿੰਘ, ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਅਤੇ ਹੋਰ ਆਗੂ ਵੀ ਹਾਜ਼ਰ ਸਨ।