ਜਲੰਧਰ/ਸੰਗਰੂਰ : ਸੰਗਰੂਰ ਜ਼ਿਮਨੀ ਚੋਣ ਬਰੂਹਾਂ ‘ਤੇ ਹੈ ਅਤੇ ਸਿਆਸੀ ਧਿਰਾਂ ਜਿੱਤ ਦੇ ਦਾਅਵੇ ਨਾਲ ਚੋਣ ਮੈਦਾਨ ‘ਚ ਪ੍ਰਚਾਰ ਕਰ ਰਹੀਆਂ ਹਨ। ਇਸੇ ਦਰਮਿਆਨ ਚੰਡੀਗੜ੍ਹ ਨੇੜੇ ਬਣੇ ਸੁਖਬੀਰ ਬਾਦਲ ਦੇ ਹੋਟਲ ਸੁਖਵਿਲਾਸ ਹੋਟਲ ਦਾ ਮੁੱਦਾ ਮੁੜ ਚਰਚਾ ‘ਚ ਆ ਗਿਆ ਹੈ। ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਿਸ ਕੋਲੋਂ ਵੀ ਚਾਹੁਣ ਸੁਖਵਿਲਾਸ ਦੀ ਜਾਂਚ ਕਰਵਾ ਸਕਦੇ ਹਨ। ਸਾਨੂੰ ਕੋਈ ਫ਼ਿਕਰ ਜਾਂ ਪਰਵਾਹ ਨਹੀਂ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਅਜਿਹੇ ਸਿਆਸੀ ਦਬਕਿਆਂ ਤੋਂ ਡਰਨ ਵਾਲਿਆਂ ‘ਚੋਂ ਨਹੀਂ ਹਾਂ।
ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਕੋਈ ਵੀ ਕੰਮ ਗ਼ੈਰ-ਕਾਨੂੰਨੀ ਨਹੀਂ ਕੀਤਾ ਅਤੇ ਨਾ ਹੀ ਕੋਈ ਕਾਨੂੰਨ ਤੋੜਿਆ ਹੈ। ਕਹਿਣਾ ਬੜਾ ਸੌਖਾ ਹੈ ਤੇ ਪਹਿਲਾਂ ਵੀ ਬਹੁਤ ਕਹਿੰਦੇ ਰਹੇ ਹਨ। ਭਗਵੰਤ ਮਾਨ ਨੂੰ ਜੇਕਰ ਕੁਝ ਗ਼ਲਤ ਲਗਦਾ ਹੈ ਤਾਂ ਜਲਦੀ ਜਾਂਚ ਸ਼ੁਰੂ ਕਰਵਾਉਣ। ਤਿੰਨ ਮਹੀਨੇ ਤੱਕ ਇੰਤਜ਼ਾਰ ਕਿਉਂ ਕਰਦੇ ਰਹੇ। ਦਰਅਸਲ ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਸੁਖਵਿਲਾਸ ਹੋਟਲ ਦਾ ਨਾਮ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਇਹ ਹੋਟਲ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣਿਆ ਹੈ। ਇਹ ਸੁਖਬੀਰ ਬਾਦਲ ਦਾ ਹੋਟਲ ਹੈ। ਇਹ ਜੰਗਲਾਤ ਵਿਭਾਗ ਦੀ ਜ਼ਮੀਨ ਹੈ। ਉਥੇ ਕੋਈ ਉਸਾਰੀ ਨਹੀਂ ਹੋ ਸਕਦੀ। ਇਸ ਦੇ ਵੀ ਕਾਗਜ਼ਾਤ ਲਏ ਜਾ ਰਹੇ ਹਨ।