ਮਾਨਸਾ, 15 ਜੂਨ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁੱਛਗਿੱਛ ਲਈ ਅੱਜ ਤੜਕੇ ਸਵੇਰੇ ਖਰੜ ਦੇ ਸੀ. ਆਈ. ਏ. ਦਫ਼ਤਰ ਲਿਆਂਦਾ ਗਿਆ। ਇੱਥੇ ਲਾਰੈਂਸ ਬਿਸ਼ਨੋਈ ਤੋਂ ਕਾਫ਼ੀ ਦੇਰ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੁਲਸ ਦੀਆਂ ਗੱਡੀਆਂ ਦੇ ਕਾਫ਼ਲੇ ‘ਚ ਲਾਰੈਂਸ ਬਿਸ਼ਨੋਈ ਨੂੰ ਕਿਸੇ ਗੁਪਤ ਥਾਂ ‘ਤੇ ਲਿਜਾਇਆ ਗਿਆ ਹੈ।
ਇਸ ਮੌਕੇ ਵੱਡੀ ਗਿਣਤੀ ‘ਚ ਪੰਜਾਬ ਪੁਲਸ ਦੇ ਮੁਲਾਜ਼ਮ ਤਾਇਨਾਤ ਰਹੇ। ਦੱਸਿਆ ਜਾ ਰਿਹਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਕਿਸੇ ਦੂਰ ਥਾਂ ‘ਤੇ ਸ਼ਿਫਟ ਕੀਤਾ ਜਾ ਸਕਦਾ ਹੈ। ਲਾਰੈਂਸ ਬਿਸ਼ਨੋਈ ਨੂੰ ਅੱਜ ਤੜਕੇ ਸਵੇਰੇ 4.30 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।
ਅਦਾਲਤ ਵੱਲੋਂ ਲਾਰੈਂਸ ਬਿਸ਼ਨੋਈ ਦਾ 7 ਦਿਨ ਲਈ ਪੁਲਸ ਰਿਮਾਂਡ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਿਸ਼ਨੋਈ ਨੂੰ ਖਰੜ ਲਿਆਂਦਾ ਗਿਆ ਸੀ। ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਲਾਰੈਂਸ ਬਿਸ਼ਨੋਈ ਨੂੰ ਮੁੱਖ ਮੁਲਜ਼ਮ ਮੰਨਿਆ ਗਿਆ ਹੈ।