ਜਲੰਧਰ, 15 ਜੂਨ – 4 ਸਾਲਾਂ ਤੋਂ ਬੰਦ ਪਈ ਦਿੱਲੀ ਏਅਰਪੋਰਟ ਲਈ ਪੰਜਾਬ ਦੀਆਂ ਵੋਲਵੋ ਬੱਸਾਂ ਦੀ ਆਵਾਜਾਈ 15 ਜੂਨ ਯਾਨੀ ਕਿ ਅੱਜ ਤੋਂ ਸ਼ੁਰੂ ਹੋ ਜਾਵੇਗੀ। ਇਸ ਦੇ ਲਈ ਬੱਸ ਅੱਡੇ ਵਿਚ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਲੈ ਕੇ ਬੱਸ ਅੱਡੇ ਵਿਚ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਟਰਾਂਸਪੋਰਟ ਡਾਇਰੈਕਟਰ ਅਮਨਦੀਪ ਕੌਰ, ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਵੱਲੋਂ ਬੱਸਾਂ ਦੀ ਰਵਾਨਗੀ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਪ੍ਰੋਗਰਾਮ ਤੋਂ ਪਹਿਲਾਂ ਬੱਸ ਅੱਡੇ ਵਿਚ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ ਅਤੇ ਹਰੇਕ ਯਾਤਰੀ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਅੱਡੇ ਵਿਚ ਪਾਰਕਿੰਗ ਵਿਚ ਸਾਲਾਂ ਤੋਂ ਖੜ੍ਹੇ ਵਾਹਨਾਂ ਅਤੇ ਹੋਰ ਸਥਾਨਾਂ ’ਤੇ ਡਾਗ ਸਕੁਐਡ ਵੱਲੋਂ ਜਾਂਚ ਕੀਤੀ ਗਈ। ਰਵਾਨਗੀ ਸਥਾਨ ’ਤੇ ਬੱਸਾਂ ਨੂੰ ਪਾਰਕ ਕੀਤਾ ਜਾ ਚੁੱਕਾ ਹੈ ਅਤੇ ਪੁਲਸ ਵੱਲੋਂ ਬੱਸਾਂ ’ਤੇ ਨਿਗਰਾਨੀ ਰੱਖਣ ਲਈ ਚਾਬੀਆਂ ਵੀ ਲੈ ਲਈਆਂ ਗਈਆਂ ਹਨ।