ਅਦਾਲਤ ਵੱਲੋਂ ਭਗੌੜਾ ਐਲਾਨਿਆ ਗੈਂਗਸਟਰ ਜੋਧਪੁਰ ਤੋਂ ਗ੍ਰਿਫ਼ਤਾਰ, ਬੈਂਕ ‘ਚ ਕੀਤੀ ਸੀ 9 ਲੱਖ ਦੀ ਡਕੈਤੀ

arest/nawanpunajb.com

ਮਾਹਿਲਪੁਰ, 10 ਜੂਨ – 30 ਜੁਲਾਈ 2018 ਨੂੰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਕੋਟਫਤੂਹੀ ਵਿਚ ਐਕਸਿਸ ਬੈਂਕ ਵਿਚ ਹੋਈ ਕਰੀਬ 9 ਲੱਖ 60 ਹਜ਼ਾਰ ਦੀ ਡਕੈਤੀ ਦੇ ਮਾਮਲੇ ਵਿਚ ਲੋੜੀਂਦਾ ਅਤੇ ਅਦਾਲਤ ਵੱਲੋਂ ਭਗੌੜਾ ਐਲਾਨਿਆ ਗੈਂਗਸਟਰ ਰਾਜਸਥਾਨ ਦੇ ਜੋਧਪੁਰ ਅਧੀਨ ਪੈਂਦੇ ਥਾਣੇ ਬਨਾੜ ਦੀ ਪੁਲਸ ਨੇ ਛਾਪਾ ਮਾਰ ਕੇ ਕਾਬੂ ਕਰ ਲਿਆ। ਗੜ੍ਹਸ਼ੰਕਰ ਦੇ ਡੀ. ਐੱਸ. ਪੀ. ਦੀ ਅਗਵਾਈ ਹੇਠ ਉਸ ਨੂੰ ਆਪਣੀ ਹਿਰਾਸਤ ਵਿਚ ਲੈਣ ਲਈ ਪੁਲਸ ਪਾਰਟੀ ਰਵਾਨਾ ਹੋ ਗਈ ਅਤੇ ਅੱਜ ਦੇਰ ਰਾਤ ਵਾਪਸ ਪਹੁੰਚਣ ਦੀ ਉਮੀਦ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ਼ ਘੰਟੀ (29) ਪੁੱਤਰ ਹਰਜੀਤ ਸਿੰਘ ਵਾਸੀ ਭਗਤੂਪੁਰ, ਜਿਸ ’ਤੇ ਥਾਣਾ ਮਾਹਿਲਪੁਰ, ਚੱਬੇਵਾਲ, ਮੇਹਟੀਆਣਾ ਵਿਚ ਕਈ ਮਾਮਲੇ ਦਰਜ ਹਨ। ਉਹ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫਰਾਰ ਹੀ ਚੱਲਿਆ ਆ ਰਿਹਾ ਸੀ, ਨੂੰ ਰਾਜਸਥਾਨ ਦੇ ਸ਼ਹਿਰ ਜੋਧਪੁਰ ਅਧੀਨ ਪੈਂਦੇ ਥਾਣਾ ਬਨਾੜ ਦੇ ਇਕ ਪਿੰਡ ਖੋਖਰਿਆ ਤੋਂ ਜੋਧਪੁਰ ਦੀ ਕਰਾਈਮ ਬਰਾਂਚ ਨੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਹ ਉੱਥੇ ਮੁਕੇਸ਼ ਡੱਡੀ ਨਾਮਕ ਵਿਅਕਤੀ ਦੇ ਘਰ ਆਪਣੇ ਇਕ ਹੋਰ ਗੈਂਗਸਟਰ ਸਾਥੀ ਸੁਭਾਸ਼ ਪੁੱਤਰ ਪ੍ਰਲਾਹਦ ਬਿਸ਼ਨੋਈ ਵਾਸੀ ਮੂਲਤ ਕੁੰਡਾ ਨਾਲ ਰਹਿ ਰਿਹਾ ਸੀ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਰਾਜਸਥਾਨ ਪੁਲਸ ਵੱਲੋਂ ਵੀ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਕਾਰਵਾਈ ਦੌਰਾਨ ਜੋਧਪੁਰ ਕਮਿਸ਼ਨਰੇਟ ਪੁਲਸ ਦੀ ਕਰਾਈਮ ਬ੍ਰਾਂਚ ਨੇ ਉਸ ਸਮੇਂ ਕਾਬੂ ਕਰ ਲਿਆ, ਜਦੋਂ ਉਹ ਉੱਥੋਂ ਵਿਦੇਸ਼ ਭੱਜਣ ਦੀ ਫਿਰਾਕ ਵਿਚ ਸੀ।

ਮਾਹਿਲਪੁਰ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਘੰਟੀ ਵਿਰੁੱਧ 3 ਜਨਵਰੀ 2011 ਨੂੰ ਪਹਿਲਾ ਲੁੱਟ-ਖੋਹ ਦਾ ਮੁਕੱਦਮਾ ਚੱਬੇਵਾਲ ਥਾਣੇ ਵਿਚ ਦਰਜ ਹੋਇਆ ਸੀ। ਉਸ ਤੋਂ ਬਾਅਦ 8 ਅਕਤੂਬਰ 2011 ਨੂੰ ਮੇਹਟੀਆਣਾ, 12 ਅਕਤੂਬਰ 2011 ਨੂੰ ਮੇਹਟੀਆਣਾ, 21 ਅਕਤੂਬਰ 2011 ਨੂੰ ਚੱਬੇਵਾਲ, 22 ਅਕਤੂਬਰ 2011 ਨੂੰ ਚੱਬੇਵਾਲ ਵਿਖੇ ਲੁੱਟਾਂ-ਖੋਹਾਂ, ਡਕੈਤੀਆਂ ਅਤੇ ਕੁੱਟਮਾਰ ਦੇ ਮੁਕੱਦਮੇ ਦਰਜ ਹੋਏ ਤਾਂ ਪੁਲਸ ਨੇ ਉਸ ਨੂੰ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ।
ਜ਼ਮਾਨਤ ’ਤੇ ਆਉਣ ਤੋਂ ਬਾਅਦ ਉਸ ਵਿਰੁੱਧ 21 ਨਵੰਬਰ 2013 ਨੂੰ ਮਾਹਿਲਪੁਰ, 23 ਨਵੰਬਰ 2013 ਨੂੰ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਮਾਮਲੇ ਦਰਜ ਹੋਏ ਤਾਂ ਉਹ ਮੁੜ ਨਾ ਤਾਂ ਜੇਲ ਗਿਆ ਅਤੇ ਅਦਾਲਤ ਵੱਲੋਂ ਵੀ ਭਗੌੜਾ ਕਰਾਰ ਦੇ ਦਿੱਤਾ ਗਿਆ। ਉਸ ਤੋਂ ਬਾਅਦ 30 ਜੁਲਾਈ 2018 ਨੂੰ ਕੋਟਫਤੂਹੀ ਦੀ ਐਕਸਿਸ ਬੈਂਕ ਵਿਚ ਹੋਈ 9 ਲੱਖ 60 ਹਜ਼ਾਰ ਦੀ ਬੈਂਕ ਡਕੈਤੀ ਦਾ ਇਹ ਮੁੱਖ ਸਰਗਣਾ ਅਤੇ ਉਸ ਸਮੇਂ ਤੋਂ ਹੀ ਇਹ ਪੁਲਸ ਨੂੰ ਚਕਮਾ ਦੇ ਕੇ ਰਾਜਸਥਾਨ ਵਿਚ ਰਹਿ ਰਿਹਾ ਸੀ। ਤਿੰਨਾਂ ਥਾਣਿਆਂ ਦੀ ਪੁਲਸ ਇਸ ਦੀ ਭਾਲ ਕਰ ਰਹੀ ਸੀ। ਇਸ ਸਬੰਧ ਵਿਚ ਥਾਣਾ ਮਾਹਿਲਪੁਰ ਸਮੇਤ ਉੱਚ ਅਧਿਕਾਰੀ ਵੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਅਜੇ ਕੁਝ ਨਹੀਂ ਕਹਿ ਸਕਦੇ। ਪੁਲਸ ਪਾਰਟੀ ਰਵਾਨਾ ਹੋ ਚੁੱਕੀ ਹੈ। ਮਾਹਿਲਪੁਰ ਅਤੇ ਜ਼ਿਲ੍ਹਾ ਪੁਲਸ ਕੋਲ ਆਉਣ ’ਤੇ ਹੀ ਕੁਝ ਕਿਹਾ ਜਾ ਸਕਦਾ ਹੈ।

Leave a Reply

Your email address will not be published. Required fields are marked *