ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਵੀਅਤਨਾਮ ਨੂੰ 12 ਹਾਈ ਸਪੀਡ ਕੋਸਟ ਗਾਰਡ ਕਿਸ਼ਤੀਆਂ ਸੌਂਪੀਆਂ। ਇਹ ਕਿਸ਼ਤੀਆਂ ਭਾਰਤ ਵੱਲੋਂ ਵੀਅਤਨਾਮ ਨੂੰ ਦਿੱਤੇ ਗਏ 10 ਕਰੋੜ ਡਾਲਰ ਦੇ ਕਰਜ਼ੇ ਤਹਿਤ ਬਣਾਈਆਂ ਗਈਆਂ ਹਨ। ਰਾਜਨਾਥ ਨੇ ਆਪਣੇ ਵੀਅਤਨਾਮ ਦੌਰੇ ਦੇ ਦੂਜੇ ਦਿਨ ਹੋਂਗ ਹਾ ਜਹਾਜ਼ ‘ਤੇ ਸਵਾਰ ਹੋ ਕੇ ਆਯੋਜਿਤ ਇਕ ਸਮਾਰੋਹ ‘ਚ ਇਹ ਅਤਿ-ਆਧੁਨਿਕ ਕੋਸਟ ਗਾਰਡ ਕਿਸ਼ਤੀਆਂ (ਹਾਈ-ਸਪੀਡ ਗਾਰਡ ਕਿਸ਼ਤੀਆਂ) ਸੌਂਪੀਆਂ।
ਰੱਖਿਆ ਮੰਤਰੀ ਨੇ ਇਸ ਮੌਕੇ ‘ਤੇ ਕਿਹਾ, “ਮੈਨੂੰ ਇਸ ਇਤਿਹਾਸਕ ਸਮਾਰੋਹ ’ਚ ਹਿੱਸਾ ਲੈ ਕੇ ਬਹੁਤ ਖੁਸ਼ੀ ਹੋ ਰਹੀ ਹੈ, ਜਿਸ ਵਿਚ ਭਾਰਤ ਵਲੋਂ 10 ਕਰੋੜ ਅਮਰੀਕੀ ਡਾਲਰ ਦੀ ਡਿਫੈਂਸ ਲਾਈਨ ਆਫ ਕ੍ਰੈਡਿਟ ਦੇ ਤਹਿਤ 12 ਅਤਿ-ਆਧੁਨਿਕ ਕੋਸਟ ਗਾਰਡ ਕਿਸ਼ਤੀਆਂ ਦੇ ਨਿਰਮਾਣ ਦੇ ਪ੍ਰਾਜੈਕਟ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਸ਼ੁਰੂਆਤੀ ਪੰਜ ਕਿਸ਼ਤੀਆਂ ਭਾਰਤ ਵਿਚ ਐੱਲ. ਐਂਡ. ਟੀ. ਸ਼ਿਪਯਾਰਡ ’ਚ ਬਣਾਈਆਂ ਗਈਆਂ ਸਨ, ਜਦੋਂ ਕਿ ਬਾਕੀ 7 ਕਿਸ਼ਤੀਆਂ ਹਾਂਗ ਹਾ ਸ਼ਿਪਯਾਰਡ ’ਚ ਬਣਾਈਆਂ ਗਈਆਂ।