ਨਵੀਂ ਦਿੱਲੀ, 6 ਜੂਨ (ਬਿਊਰੋ)– ਅਦਾਕਾਰ ਸਲਮਾਨ ਖ਼ਾਨ ਨੂੰ ਮਿਲੀ ਧਮਕੀ ਦੇ ਮਾਮਲੇ ’ਚ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਪੁਲਸ ਅਦਾਕਾਰ ਦੇ ਘਰ ਗਈ ਸੀ। ਜਾਣਕਾਰੀ ਮੁਤਾਬਕ ਖ਼ੁਦ ਜੁਆਇੰਟ ਸੀ. ਪੀ. ਵਿਸ਼ਵਾਸ਼ ਨਾਂਗਰੇ ਪਾਟਿਲ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਮਿਲਣ ਪਹੁੰਚੇ ਸਨ।
ਉਥੇ ਦੂਜੇ ਪਾਸੇ ਸਲਮਾਨ ਖ਼ਾਨ ਨੂੰ ਮਿਲੇ ਧਮਕੀ ਵਾਲੇ ਖ਼ਤ ਦੇ ਸਿਲਸਿਲੇ ’ਚ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਕਈ ਸਵਾਲ ਪੁੱਛੇ ਗਏ ਹਨ। ਇਸ ਸਮੇਂ ਲਾਰੈਂਸ ਬਿਸ਼ਨੋਈ ਸਪੈਸ਼ਲ ਸੈੱਲ ਦੀ ਹਿਰਾਸਤ ’ਚ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਹੈ।
ਮੁੰਬਈ ਪੁਲਸ ਸੂਤਰਾਂ ਮੁਤਾਬਕ ਸਲਮਾਨ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਦੇ ਅਖੀਰ ’ਚ ਜੀ. ਬੀ. ਤੇ ਐੱਲ. ਬੀ. ਲਿਖਿਆ ਹੋਇਆ ਸੀ। ਜਿਸ ਦਾ ਮਤਲਬ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਹੋ ਸਕਦਾ ਹੈ ਪਰ ਇਹ ਖ਼ਤ ਬਿਸ਼ਨੋਈ ਗੈਂਗ ਨਾਲ ਜੁੜਿਆ ਹੈ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੈ, ਅਜੇ ਇਹ ਸਾਫ ਨਹੀਂ ਹੈ।
ਐਤਵਾਰ ਸਵੇਰੇ ਸੈਰ ਤੋਂ ਬਾਅਦ ਸਲੀਮ ਖ਼ਾਨ ਨੂੰ ਅਣਪਛਾਤੇ ਵਿਅਕਤੀ ਨੇ ਇਕ ਖ਼ਤ ਦਿੱਤਾ ਸੀ, ਜਿਸ ’ਚ ਉਨ੍ਹਾਂ ਨੂੰ ਤੇ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਧਮਕੀ ਭਰੇ ਖ਼ਤ ’ਚ ਲਿਖਿਆ ਸੀ, ‘‘ਤੇਰਾ ਮੂਸੇ ਵਾਲਾ ਬਣਾ ਦੇਵਾਂਗੇ ਸਲਮਾਨ ਖ਼ਾਨ।’’ ਜਿਸ ਤੋਂ ਬਾਅਦ ਸਲੀਮ ਖ਼ਾਨ ਨੇ ਆਪਣੇ ਸੁਰੱਖਿਆ ਕਰਮੀ ਦੀ ਮਦਦ ਨਾਲ ਪੁਲਸ ਨੂੰ ਸੰਪਰਕ ਕੀਤਾ ਤੇ ਬਾਂਦਰਾ ਥਾਣੇ ’ਚ ਇਸ ਸਬੰਧੀ ਮਾਮਲਾ ਦਰਜ ਕਰਵਾਇਆ।