ਅੰਮ੍ਰਿਤਸਰ30 ਮਈ – ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਨਤਮਸਤਕ ਹੋ ਕੇ ਉਨ੍ਹਾਂ ਨੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ। ਬੀਤੇ ਦਿਨ ਸਿੱਧੂ ਮੂਸੇਵਾਲਾ ਨਾਲ ਬਹੁਤ ਦਰਦਨਾਕ ਘਟਨਾ ਵਾਪਰੀ ਹੈ, ਜਿਸ ਨਾਲ ਉਸ ਦੇ ਪਰਿਵਾਰ ਨੂੰ ਵੱਡਾ ਦੁੱਖ ਲੱਗਾ ਹੈ। ਪਰਮਾਤਮਾ ਕਰੇ ਕਿ ਕਿਸੇ ਦੀ ਮਾਂ ਨੂੰ ਇਹੋ ਜਿਹਾ ਦੁੱਖ ਨਾ ਝੱਲਣਾ ਪਵੇ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਗਾਇਕੀ ਦੇ ਸਦਕਾ ਆਪਣਾ ਨਾਂ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਵਿਚ ਰੌਸ਼ਨ ਕੀਤਾ। ਕਰੋੜਾਂ ਲੋਕ ਉਨ੍ਹਾਂ ਦੀ ਗਾਇਕੀ ਦੇ ਦੀਵਾਨੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਨੂੰ ਘਟਾ ਦਿੱਤਾ ਤੇ ਦੂਜੇ ਪਾਸੇ ਕੇਜਰੀਵਾਲ ਕੋਲ 80-80 ਸੁਰੱਖਿਆ ਕਰਮਚਾਰੀ ਹਨ। ਰਾਘਵ ਚੱਢਾ ਨੂੰ ਕਾਫ਼ੀ ਤਗੜੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਆਪਣੇ ਆਗੂਆਂ ਦੀ ਸੁਰੱਖਿਆ ਵਧਾਉਣਾ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਘਟਾਉਣਾ ਪੰਜਾਬ ਸਰਕਾਰ ਦੀ ਨਲਾਇਕੀ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਅਸੀਂ ਇਸ ਦੁੱਖ ਦੇ ਸਮੇਂ ’ਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ। ਜਿਸ ਮਾਂ ਦਾ ਇਕਲੌਤਾ ਪੁੱਤਰ ਚਲਾ ਗਿਆ ਹੋਵੇ, ਉਸ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਸਨ ਇਮਾਨਦਾਰ ਮੁੱਖ ਮੰਤਰੀ ਦੱਸ ਦਿਨਾਂ ਵਿਚ ਨਸ਼ਾ ਖ਼ਤਮ ਕਰ ਸਕਦਾ ਹੈ। ਹੁਣ ਤਾਂ ਦੋ ਮਹੀਨੇ ਹੋ ਚੁੱਕੇ ਹਨ, ਨਸ਼ਾ ਦਿਨੋਂ ਦਿਨ ਵਧ ਰਿਹਾ ਹੈ ਅਤੇ ਸ਼ਰ੍ਹੇਆਮ ਵਿਕਣਾ ਸ਼ੁਰੂ ਹੋ ਗਿਆ ਹੈ, ਹੁਣ ਤੁਹਾਡਾ ਈਮਾਨਦਾਰ ਮੁੱਖਮੰਤਰੀ ਕਿੱਥੇ ਗਿਆ?