ਅੰਮ੍ਰਿਤਸਰ, 23 ਮਈ (ਬਿਊਰੋ)- ਮੀਰੀ-ਪੀਰੀ ਦੇ ਮਾਲਕ ਅਤੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ। ਸ੍ਰੀ ਦਰਬਾਰ ਸਾਹਿਬ ’ਚ ਸਜਾਏ ਗਏ ਸੁੰਦਰ ਜਲੌਅ ’ਚ ਹੀਰੇ-ਮੋਤੀ, ਜਵਾਹਰਾਤ, ਸੋਨੇ ਅਤੇ ਚਾਂਦੀ ਦਾ ਸਾਮਾਨ, ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤਾ ਗਿਆ ਨੌ ਲੱਖਾ ਹਾਰ, ਨੀਲਮ ਦਾ ਮੋਰ, ਸੋਨੇ ਦੇ ਛੱਬੇ, ਚੰਦਨ ਦਾ ਚੌਰ ਸਾਹਿਬ, ਚਾਂਦੀ ਦੀਆਂ ਕਹੀਆਂ-ਬਾਟੇ ਅਤੇ ਹੋਰ ਬੇਸ਼ੁਮਾਰ ਕੀਮਤੀ ਖਜ਼ਾਨਾ ਸ਼ਾਮਲ ਸੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸ਼ਰਧਾਲੂ ਸਵੇਰ ਤੋਂ ਹੀ ਪਹੁੰਚ ਰਹੇ ਹਨ।
ਇਸ ਦੌਰਾਨ ਪਵਿੱਤਰ ਸਰੋਵਰ ’ਚ ਡੁਬਕੀ ਲਾਉਂਦਿਆਂ ਸੰਗਤਾਂ ਨੇ ਅਰਦਾਸ ਕਰਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਜਾਏ ਗਏ ਸੁੰਦਰ ਜਲੌਅ ਸਾਹਿਬ ਦੇ ਸੰਗਤਾਂ ਵਲੋਂ ਵੀ ਦਰਸ਼ਨ ਦੀਦਾਰੇ ਕੀਤੇ ਜਾ ਰਹੇ ਹਨ।