ਨਾਰਕੋ ਟੈਸਟ ਲਈ ਉਮਰਾਨੰਗਲ ਵਲੋਂ ਅਦਾਲਤ ’ਚ ਲਿਖਤੀ ਸਹਿਮਤੀ, ਕੁੰਵਰ ਵਿਜੇ ਪ੍ਰਤਾਪ ’ਤੇ ਦਿੱਤਾ ਵੱਡਾ ਬਿਆਨ

umra nangal/nawanpunjab.com

ਫਰੀਦਕੋਟ, 9 ਜੁਲਾਈ (ਦਲਜੀਤ ਸਿੰਘ)- ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਨਾਮਜ਼ਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਅੱਜ ਅਦਾਲਤ ਵਿਚ ਪੇਸ਼ ਹੋ ਕੇ ਨਾਰਕੋ ਟੈਸਟ ਲਈ ਆਪਣੀ ਲਿਖਤੀ ਸਹਿਮਤੀ ਦੇ ਦਿੱਤੀ ਹੈ। ਦਰਅਸਲ ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਬਣੀ ਨਵੀਂ ਐੱਸ. ਆਈ. ਟੀ. ਵੱਲੋਂ ਸਾਬਕਾ ਡੀ. ਜੀ . ਪੀ. ਸੁਮੇਧ ਸੈਣੀ, ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਆਈ. ਜੀ. ਪਰਮਰਾਜ ਉਮਰਾਨੰਗਲ ਦੇ ਨਾਰਕੋ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਤੀ ਦਰਖ਼ਾਸਤ ’ਤੇ ਸੁਮੇਧ ਸੈਣੀ ਅਤੇ ਚਰਨਜੀਤ ਸ਼ਰਮਾ ਨੇ ਇਨਕਾਰ ਕਰ ਦਿੱਤਾ ਸੀ ਜਦਕਿ ਆਈ. ਜੀ. ਪਰਮਰਾਜ ਉਮਰਾਨੰਗਲ ਵੱਲੋਂ ਆਪਣੀ ਸਹਿਮਤੀ ਜਤਾਈ ਗਈ ਸੀ। ਇਸ ਦੇ ਚੱਲਦੇ ਅੱਜ ਉਨ੍ਹਾਂ ਵੱਲੋਂ ਅਦਾਲਤ ’ਚ ਪੇਸ਼ ਹੋ ਕੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਆਪਣਾ ਸਹਿਮਤੀ ਪੱਤਰ ਦਰਜ ਕਰਵਾਇਆ ਗਿਆ। ਉਥੇ ਹੀ ਅੱਜ ਪਹਿਲੀ ਵਾਰ ਉਮਰਾਨੰਗਲ ਮੀਡੀਆ ਸਾਹਮਣੇ ਰੂ-ਬ-ਰੂ ਹੋਏ।

ਪਹਿਲੀ ਵਾਰ ਮੀਡੀਆ ਸਾਹਮਣੇ ਬੋਲਦਿਆਂ ਉਮਰਾਨੰਗਲ ਨੇ ਕਿਹਾ ਕਿ ਮੇਰੇ ਵੱਲੋਂ ਸ਼ੁਰੂ ਤੋਂ ਹੀ ਹਰ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂਦਾ ਰਿਹਾ ਹੈ ਅਤੇ ਮੈਂ ਅੱਗੇ ਵੀ ਸਹਿਯੋਗ ਦਿੰਦਾ ਰਹਾਂਗਾ। ਉਮਰਾਨੰਗਲ ਨੇ ਕਿਹਾ ਕਿ ਉਨ੍ਹਾਂ ਹੁਣ ਵੀ ਸਿੱਟ ਦੀ ਮੰਗ ’ਤੇ ਨਾਰਕੋ ਟੈਸਟ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜ ਵਾਰ ਨਾਰਕੋ ਟੈਸਟ ਕਰਵਾ ਲਓ ਪਰ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਦਾ ਵੀ ਨਾਰਕੋ ਟੈਸਟ ਹੋਵੇ, ਜਿਨ੍ਹਾਂ ਵੱਲੋਂ ਨਿੱਜੀ ਰੰਜਿਸ਼ ਦੇ ਚੱਲਦੇ ਮੇਰੇ ਨਾਲ ਇਹ ਵਿਹਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੋਟਕਪੂਰਾ ਘਟਨਾਕਰਮ ਸਮੇਂ ਮੇਰੀ ਮੌਜੂਦਗੀ ਨਿਯਮਾ ਮੁਤਾਬਿਕ ਸੀ ਪਰ ਬਹਿਬਲ ਗੋਲੀਕਾਂਡ ’ਚ ਮੇਰੀ ਮੌਜੂਦਗੀ ਨਾ ਹੋਣ ਦੇ ਚਲੱਦੇ ਵੀ ਮੈਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਗੇ ਵੀ ਮੈਂ ਜਾਂਚ ’ਚ ਹਰ ਤਰ੍ਹਾਂ ਦਾ ਸਹਿਯੋਗ ਦਿੰਦਾ ਰਹਾਂਗਾ।

Leave a Reply

Your email address will not be published. Required fields are marked *