ਜਲੰਧਰ/ਮੋਹਾਲੀ, 28 ਅਪ੍ਰੈਲ (ਬਿਊਰੋ)- ਮੰਤਰੀ ਬਣਨ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ’ਚ ਨਜ਼ਰ ਆ ਰਹੇ ਹਨ। ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਮੋਹਾਲੀ ਵਿਖੇ ਸਿਸਵਾਂ ਨੇੜੇ ਸੁਖ ਵਿਲਾਸ ਹੋਟਲ ਦੇ ਕੋਲ ਲਾਈਵ ਰੇਡ ਕੀਤੀ ਗਈ। ਇਸ ਦੌਰਾਨ ਮੰਤਰੀ ਧਾਲੀਵਾਲ ਵੱਲੋਂ ਟਰੈਕਟਰ ਲਿਆ ਕੇ ਰੇਡ ਕਰਕੇ ਸਰਕਾਰੀ ਜ਼ਮੀਨ ਨੂੰ ਕਬਜ਼ੇ ’ਚੋਂ ਛੁਡਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ’ਤੇ ਕੈਪਟਨ ਬਿਕਰਮ ਸਿੰਘ ਨੇ 2007 ਤੋਂ ਕਬਜ਼ਾ ਕੀਤਾ ਹੋਇਆ ਸੀ। ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾਅ ਲਿਆ ਗਿਆ ਹੈ। ਲਾਈਵ ਰੇਡ ਕਰਨ ਮੌਕੇ ਕੁਲਦੀਪ ਸਿੰਘ ਧਾਲੀਵਾਲ ਪੂਰੇ ਦਸਤਾਵੇਜ਼ ਲੈ ਕੇ ਪਹੁੰਚੇ ਅਤੇ ਉਕਤ ਜ਼ਮੀਨ ਨੂੰ ਕਬਜ਼ੇ ’ਚੋਂ ਛੁਡਵਾਇਆ। ਉਕਤ ਜ਼ਮੀਨ ਕਰੋੜਾਂ ਰੁਪਏ ਦੀ ਜ਼ਮੀਨ ਦੱਸੀ ਜਾ ਰਹੀ ਹੈ।
ਕੁਲਦੀਪ ਸਿੰਘ ਧਾਲੀਵਾਲ ਅਦਾਲਤ ਤੋਂ ਦਾਖ਼ਲਾ ਵਾਰੰਟ ਨਾਲ ਲੈ ਕੇ ਪਹੁੰਚੇ। ਜ਼ਿਕਰਯੋਗ ਹੈ ਕਿ ਕਬਜ਼ੇ ਵਾਲੀ ਜ਼ਮੀਨ ਨਾਲ ਸਬੰਧਤ ਵਿਅਕਤੀ ਜਿਸ ਨਾਲ ਵੀ ਅਦਾਲਤ ’ਚ ਕੇਸ ਚੱਲ ਰਿਹਾ ਹੋਵੇ ਤਾਂ ਕੇਸ ਜਿੱਤਣ ਮਗਰੋਂ ਸਰਕਾਰ ਜਦੋਂ ਕਿਸੇ ਜ਼ਮੀਨ ’ਤੇ ਕਬਜ਼ਾ ਲੈਣ ਜਾਂਦੀ ਹੈ ਤਾਂ ਕੋਰਟ ਤੋਂ ਮਿਲੇ ਦਾਖ਼ਲਾ ਵਾਰੰਟ ਉਨ੍ਹਾਂ ਦੇ ਕੋਲ ਹੁੰਦੇ ਹਨ। ਬਕਾਇਦਾ ਪੁਲਸ ਵੀ ਨਾਲ ਹੁੰਦੀ ਹੈ।
ਇਸੇ ਤਰ੍ਹਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਕੇਸ ਜਿੱਤਣ ਮਗਰੋਂ ਆਪਣੇ ਹੱਥਾਂ ’ਚ ਦਸਤਾਵੇਜ਼ ਲਏ ਤਾਂ ਸਰਕਾਰੀ ਜ਼ਮੀਨ ਦਾ ਕਬਜ਼ਾ ਲੈਣ ਲਈ ਉਕਤ ਥਾਂ ’ਤੇ ਪਹੁੰਚੇ ਅਤੇ ਜ਼ਮੀਨ ਨੂੰ ਕਬਜ਼ੇ ਤੋਂ ਛੁਡਵਾਇਆ। ਇਥੇ ਦੱਸਣਯੋਗ ਹੈ ਕਿ ਉਕਤ ਜ਼ਮੀਨ ਨੇੜੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਅਤੇ ਸੁਖਬੀਰ ਸਿੰਘ ਬਾਦਲ ਦਾ ਸੁਖ ਵਿਲਾ ਮਹਿਜ਼ ਕੁਝ ਹੀ ਦੂਰੀ ’ਤੇ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਕੇ ਹੋਏ ਧਾਲੀਵਾਲ ਨੇ ਕਿਹਾ ਕਿ ਜਿਹੜੇ ਵੀ ਵਿਅਕਤੀ ਨੇ ਜ਼ਮੀਨ ਮੱਲੀ ਹੋਵੇਗੀ, ਉਸ ਤੋਂ ਉਹ ਜ਼ਮੀਨ ਛੁਡਵਾਈ ਜਾਵੇਗੀ। ਭਾਵੇਂ ਉਹ ਜ਼ਮੀਨ ਕਿਸੇ ਸਿਆਸੀ ਪਾਰਟੀ ਦੇ ਆਗੂ ਹੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਂਚ ਉਪਰੰਤ ਸਖ਼ਤ ਐਕਸ਼ਨ ਲਿਆ ਜਾਵੇਗਾ।