ਵਾਸ਼ਿੰਗਟਨ, 15 ਅਪ੍ਰੈਲ (ਬਿਊਰੋ)-ਅਮਰੀਕਾ ਵਿਚ ਚਾਰ ਸਿੱਖਾਂ ਨੇ ਦਾੜ੍ਹੀ ਰੱਖਣ ਤੋਂ ਇਨਕਾਰ ਕਰਨ ‘ਤੇ ਮਰੀਨ ਕੋਰ ਖ਼ਿਲਾਫ਼ ਅਦਾਲਤ ਦਾ ਰੁਖ਼ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮਰੀਨ ਕੋਰ ਵਿੱਚ ਕੈਪਟਨ ਸੁਖਬੀਰ ਸਿੰਘ ਤੂਰ ਵੀ ਸ਼ਾਮਲ ਹੈ, ਜਿਸ ਨੇ ਪਿਛਲੇ ਇੱਕ ਸਾਲ ਤੋਂ ਦਾੜ੍ਹੀ ਅਤੇ ਪੱਗ ਬੰਨ੍ਹਣ ਦੀ ਮੁਹਿੰਮ ਚਲਾਈ ਸੀ, ਜਿਸ ਤੋਂ ਬਾਅਦ ਮਰੀਨ ਕੋਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਸੀ। ਹਾਲਾਂਕਿ, ਹਾਲ ਹੀ ਵਿੱਚ ਮਰੀਨ ਕੋਰ ਨੇ ਤੂਰ ਸਮੇਤ ਕਿਸੇ ਵੀ ਸਿੱਖ ਨੂੰ ਲੜਾਈ ਦੇ ਮੋਰਚੇ ‘ਤੇ ਤਾਇਨਾਤੀ ਜਾਂ ਬੂਟ ਕੈਂਪ ਦੌਰਾਨ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਮਰੀਨ ਕੋਰ ਨੇ ਕਿਹਾ ਕਿ ਦਾੜ੍ਹੀ ਕੋਰ ਦੇ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜਾਨ ਨੂੰ ਵੀ ਖਤਰੇ ਵਿੱਚ ਪਾਉਂਦੀ ਹੈ। ਸੋਮਵਾਰ ਨੂੰ ਤੂਰ ਅਤੇ ਤਿੰਨ ਹੋਰ ਸਿੱਖਾਂ ਨੇ ਕੋਲੰਬੀਆ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਮਰੀਨ ਕੋਰ ਦੇ ਖ਼ਿਲਾਫ਼ ਕੇਸ ਦਾਇਰ ਕੀਤਾ। ਉਨ੍ਹਾਂ ਕਿਹਾ ਕਿ ਕੋਰ ਦੁਆਰਾ ਧਾਰਮਿਕ ਛੋਟ ਦੇਣ ਤੋਂ ਇਨਕਾਰ ਮਨਮਾਨੀ ਅਤੇ ਪੱਖਪਾਤੀ ਹੈ ਅਤੇ ਧਰਮ ਦੀ ਮੁਕਤ ਪਾਲਣਾ ਦੇ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਹੈ।ਤੂਰ ਨਾਲ ਮਿਲ ਕੇ ਮੁਕੱਦਮਾ ਦਾਇਰ ਕਰਨ ਵਾਲੇ ਤਿੰਨ ਸਿੱਖਾਂ ਦਾ ਕਹਿਣਾ ਹੈ ਕਿ ਬੂਟ ਕੈਂਪ ਦੌਰਾਨ ਉਨ੍ਹਾਂ ਨੂੰ ਦਾੜ੍ਹੀ ਕੱਟਣ ਲਈ ਕਿਹਾ ਗਿਆ ਸੀ। ਯੂਐਸ ਮਰੀਨ ਨੂੰ ਬੂਟ ਕੈਂਪ ਵਿੱਚ ਮੁੱਢਲੀ ਸਿਖਲਾਈ ਦਿੱਤੀ ਜਾਂਦੀ ਹੈ।
ਦੂਜੇ ਪਾਸੇ ਨਿਊਯਾਰਕ ‘ਚ ਸਿੱਖ ਭਾਈਚਾਰੇ ਦੇ ਦੋ ਵਿਅਕਤੀਆਂ ‘ਤੇ ਹਮਲੇ ਦੀ ਖ਼ਬਰ ਹੈ।ਸਮਾਚਾਰ ਏਜੰਸੀ ਪੀ.ਟੀ.ਆਈ ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਅਮਰੀਕਾ ਦੇ ਨਿਊਯਾਰਕ ਦੇ ਕਵੀਂਸ ਇਲਾਕੇ ‘ਚ ਸਿੱਖ ਭਾਈਚਾਰੇ ਦੇ ਦੋ ਲੋਕਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਲੁੱਟ ਲਿਆ ਗਿਆ। 10 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਸਿੱਖ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਨਿਊਯਾਰਕ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਰਿਚਮੰਡ ਹਿਲਸ, ਨਿਊਯਾਰਕ ਵਿਚ ਸਿੱਖ ਭਾਈਚਾਰੇ ਦੇ ਦੋ ਮੈਂਬਰਾਂ ‘ਤੇ ਹਮਲਾ ਨਿੰਦਣਯੋਗ ਹੈ। ਅਸੀਂ ਇਸ ਮਾਮਲੇ ਸਬੰਧੀ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲਸ ਵਿਭਾਗ ਨਾਲ ਸੰਪਰਕ ਕੀਤਾ ਹੈ।ਕੌਂਸਲੇਟ ਜਨਰਲ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਹੈ ਕਿ ਘਟਨਾ ਸਬੰਧੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸੀਂ ਭਾਈਚਾਰੇ ਦੇ ਲੋਕਾਂ ਦੇ ਸੰਪਰਕ ਵਿੱਚ ਹਾਂ ਅਤੇ ਪੀੜਤਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।