ਨਵੀਂ ਦਿੱਲੀ, 8 ਅਪ੍ਰੈਲ (ਬਿਊਰੋ)- ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਦੀ ਹਾਲ ਹੀ ਵਿੱਚ ਦਿੱਲੀ ਦੇ ਇੱਕ ਕਲੱਬ ਵਿੱਚ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਐਫਆਈਆਰ ਦਰਜ ਕਰਵਾਈ ਹੈ। ਰਿਪੋਰਟਾਂ ਮੁਤਾਬਕ ਇਹ ਸਾਰਾ ਮਾਮਲਾ 26-27 ਮਾਰਚ ਦੀ ਰਾਤ ਦਾ ਹੈ। ਹਨੀ ਸਿੰਘ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਜਦੋਂ ਉਹ ਦਿੱਲੀ ਦੇ ਇਕ ਕਲੱਬ ‘ਚ ਆਪਣੀ ਪਰਫਾਰਮੈਂਸ ਦੇ ਰਿਹਾ ਸੀ ਤਾਂ ਉਸ ਦੇ ਸ਼ੋਅ ਦੌਰਾਨ 5-6 ਲੋਕ ਜ਼ਬਰਦਸਤੀ ਉਥੇ ਦਾਖਲ ਹੋ ਗਏ। ਉਹ ਹਨੀ ਸਿੰਘ ਅਤੇ ਕਲਾਕਾਰ ਨੂੰ ਸਟੇਜ ‘ਤੇ ਜਾ ਕੇ ਧਮਕੀਆਂ ਦੇਣ ਲੱਗਾ। ਪੂਰੇ ਸ਼ੋਅ ‘ਚ ਉਨ੍ਹਾਂ ਨੇ ਬੀਅਰ ਦੀਆਂ ਬੋਤਲਾਂ ਦਿਖਾਈਆਂ ਅਤੇ ਕਲਾਕਾਰਾਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ। ਮਾਮਲਾ ਵਿਗੜਦਾ ਦੇਖ ਹਨੀ ਸਿੰਘ ਨੂੰ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ।
ਇਸ ਪੂਰੇ ਮਾਮਲੇ ਵਿੱਚ ਹਨੀ ਸਿੰਘ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਰਿਪੋਰਟ ਮੁਤਾਬਕ ਹਨੀ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਲਿਖਿਆ ਗਿਆ ਹੈ, ‘ਚੈੱਕ ਸ਼ਰਟ ਵਿੱਚ ਇੱਕ ਵਿਅਕਤੀ ਨੇ ਮੇਰਾ (ਹਨੀ ਸਿੰਘ) ਹੱਥ ਫੜ ਲਿਆ ਅਤੇ ਮੈਨੂੰ ਅੱਗੇ ਖਿੱਚਣਾ ਸ਼ੁਰੂ ਕਰ ਦਿੱਤਾ। ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਆਦਮੀ ਮੈਨੂੰ ਧਮਕੀਆਂ ਦਿੰਦਾ ਰਿਹਾ। ਮੈਂ ਇਹ ਵੀ ਦੇਖਿਆ ਕਿ ਉਸ ਕੋਲ ਹਥਿਆਰ ਸੀ। ਉਸੇ ਸਮੇਂ ਲਾਲ ਕਮੀਜ਼ ਪਾਈ ਇੱਕ ਹੋਰ ਮੁਲਜ਼ਮ ਵੀਡੀਓ ਬਣਾ ਰਿਹਾ ਸੀ ਅਤੇ ਕਹਿ ਰਿਹਾ ਸੀ, ‘ਭਾਗ ਦੀਆ ਹਨੀ ਸਿੰਘ ਕੋ’।’ ਇਸ ਮਾਮਲੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।