ਕਿਸਾਨਾਂ ਲਈ ਚੰਗੀ ਖ਼ਬਰ, 50 ਫ਼ੀਸਦੀ ਸਬਸਿਡੀ ’ਤੇ 20 ਹਜ਼ਾਰ ਮੀਟ੍ਰਿਕ ਟਨ ‘ਜਿਪਸਮ’ ਮੁਹੱਈਆ ਕਰਵਾਏਗੀ ਸਰਕਾਰ

gsps/nawanpunjab.com

ਚੰਡੀਗੜ੍ਹ, 5 ਜੁਲਾਈ (ਦਲਜੀਤ ਸਿੰਘ)- ਸੂਬੇ ਦੀਆਂ ਜ਼ਮੀਨਾਂ ਦੀ ਸਿਹਤ ਵਿਚ ਸੁਧਾਰ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ’ਤੇ 20 ਹਜ਼ਾਰ ਮੀਟ੍ਰਿਕ ਟਨ ਜਿਪਸਮ ਮੁਹੱਈਆ ਕਰਵਾਈ ਜਾਵੇਗੀ। ਇੱਥੇ ਇਹ ਖ਼ੁਲਾਸਾ ਕਰਦਿਆਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਿਮਟਡ ਦੇ ਪ੍ਰਬੰਧਕੀ ਨਿਰਦੇਸ਼ਕ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ, ਪੰਜਾਬ ਰਾਹੀਂ ਖਾਰੀਆਂ ਜਾਂ ਕਲਰਾਠੀਆਂ ਜ਼ਮੀਨਾਂ ਦੀ ਸਿਹਤ ਦੇ ਸੁਧਾਰ ਲਈ 70 ਫ਼ੀਸਦੀ ਕੈਲਸ਼ੀਅਮ ਸਲਫੇਟ ਵਾਲਾ ਜਿਪਸਮ 50 ਫ਼ੀਸਦੀ ਸਬਸਿਡੀ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਸੂਬੇ ਦੇ ਕਿਸਾਨਾਂ ਨੂੰ 12 ਕਰੋੜ ਰੁਪਏ ਦੀ 20,000 ਮੀਟ੍ਰਿਕ ਟਨ ਜਿਪਸਮ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿਚੋਂ 50 ਫ਼ੀਸਦੀ ਸਬਸਿਡੀ ਮਿਲਣ ਨਾਲ ਕਿਸਾਨਾਂ ਨੂੰ 6 ਕਰੋੜ ਰੁਪਏ ਦਾ ਲਾਭ ਪਹੁੰਚੇਗਾ।

ਕਿਸਾਨਾਂ ਨੂੰ ਸਬਸਿਡੀ ’ਤੇ ਮਿਲ ਰਹੀ ਜਿਪਸਮ ਲੈਣ ਦੀ ਅਪੀਲ ਕਰਦਿਆਂ ਬਰਾੜ ਨੇ ਦੱਸਿਆ ਕਿ ਕਿਸਾਨਾਂ ਨੂੰ ਇਸ ਲਈ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ/ਖੇਤੀਬਾੜੀ ਵਿਕਾਸ ਅਫ਼ਸਰ ਜਾਂ ਪੰਜਾਬ ਐਗਰੋ ਦੇ ਲੁਧਿਆਣਾ, ਜਲੰਧਰ, ਸੰਗਰੂਰ ਅਤੇ ਕੋਟਕਪੂਰਾ ਸਥਿਤ ਖੇਤਰੀ ਦਫ਼ਤਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ, ਜਿੱਥੇ ਉਨ੍ਹਾਂ ਨੂੰ 340 ਰੁਪਏ ਪ੍ਰਤੀ 50 ਕਿਲੋ ਦੇ ਮੁੱਲ ਵਾਲਾ ਜਿਪਸਮ ਸਿਰਫ਼ 170 ਰੁਪਏ ਪ੍ਰਤੀ 50 ਕਿੱਲੋ ਦੇ ਮੁੱਲ ’ਤੇ ਦਿੱਤਾ ਜਾਵੇਗਾ ਤਾਂ ਕਿ ਸੂਬੇ ਦੀਆਂ ਜ਼ਮੀਨਾਂ ਦੀ ਸਿਹਤ ਵਿਚ ਸੁਧਾਰ ਲਿਆਂਦਾ ਜਾ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਲੈਣ ਲਈ ਕੁੱਝ ਦਸਤਾਵੇਜ਼ ਵੀ ਲੋੜੀਂਦੇ ਹਨ, ਜਿਨ੍ਹਾਂ ਵਿਚ ਨਿਰਧਾਰਿਤ ਫਾਰਮ ਭਰਕੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਪੰਚ/ਲੰਬੜਦਾਰ/ ਐੱਮ. ਸੀ. ਤੋਂ ਤਸਦੀਕ ਕੀਤਾ ਹੋਵੇ, ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਬੈਂਕ ਪਾਸਬੁੱਕ ਦੀ ਫੋਟੋ ਕਾਪੀ ਸ਼ਾਮਲ ਹੈ।

Leave a Reply

Your email address will not be published. Required fields are marked *