ਲੁਧਿਆਣਾ, 3 ਜੁਲਾਈ (ਦਲਜੀਤ ਸਿੰਘ)- ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਉਸ ਵੇਲੇ ਖ਼ੌਫਨਾਕ ਵਾਰਦਾਤ ਵਾਪਰੀ, ਜਦੋਂ ਇਕ ਦੁਕਾਨਦਾਰ ਅਤੇ ਗੈਂਗਸਟਰ ਵਿਚਾਲੇ ਕਰਾਸ ਫਾਇਰਿੰਗ ਹੋ ਗਈ। ਇਹ ਸਾਰਾ ਮੰਜ਼ਰ ਦੁਕਾਨ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਿਆ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਇਕ ਗੈਂਗਸਟਰ ਵੱਲੋਂ ਗਿਆਸਪੁਰਾ ਇਲਾਕੇ ‘ਚ ਸਥਿਤ ਇਕ ਦੁਕਾਨ ਦੇ ਮਾਲਕ ਰਣਜੋਧ ਸਿੰਘ ਕੋਲੋਂ ਫਿਰੌਤੀ ਮੰਗੀ ਗਈ ਸੀ।
ਮੁਲਜ਼ਮ ਗੈਂਗਸਟਰ ਦਾ ਨਾਂ ਅਮਨ ਟੈਟੂ ਦੱਸਿਆ ਜਾ ਰਿਹਾ ਹੈ, ਜਿਸ ਨੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਦੁਕਾਨਦਾਰ ਤੋਂ 30 ਹਜ਼ਾਰ ਰੁਪਏ ਦੀ ਫਿਰੌਤੀ ਮੰਗੀ ਸੀ ਅਤੇ ਨਾ ਦੇਣ ‘ਤੇ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਇਸ ਧਮਕੀ ਨੂੰ ਦੁਕਾਨਦਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਤਾਂ ਮੁਲਜ਼ਮ ਗੈਂਗਸਟਰ ਨੇ ਬੀਤੀ ਸ਼ਾਮ ਉਸ ‘ਤੇ ਫਾਇਰਿੰਗ ਕਰ ਦਿੱਤੀ।
ਗੈਂਗਸਟਰ ਨੇ ਦੁਕਾਨ ਅੰਦਰ ਜਾ ਕੇ ਪਹਿਲਾਂ ਦੁਕਾਨਦਾਰ ਉਸ ਨੂੰ ਡਰਾਇਆ-ਧਮਕਾਇਆ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੁਕਾਨਦਾਰ ਨੇ ਵੀ ਗੈਂਗਸਟਰ ‘ਤੇ ਕਰਾਸ ਫਾਇਰਿੰਗ ਕੀਤੀ। ਇਸ ਦੌਰਾਨ ਇਕ ਗੋਲੀ ਮੁਲਜ਼ਮ ਦੇ ਵੀ ਲੱਗੀ, ਜਿਸ ਤੋਂ ਬਾਅਦ ਉਹ ਆਪਣੇ ਸਾਥੀਆਂ ਸਮੇਤ ਉੱਥੋਂ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਦੁਕਾਨ ‘ਚ ਲੱਗੇ ਕੈਮਰਿਆਂ ‘ਚ ਕੈਦ ਹੋ ਗਈ। ਫਿਲਹਾਲ ਪੁਲਸ ਵੱਲੋਂ ਉਕਤ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ‘ਚ ਭਾਲ ਸ਼ੁਰੂ ਕਰ ਦਿੱਤੀ ਗਈ ਹੈ।