ਕੁੱਲੂ, ਕੁੱਲੂ ਦੇ ਮਣੀਕਰਨ ‘ਚ ਐਤਵਾਰ ਦੇਰ ਰਾਤ ਪੰਜਾਬ ਤੋਂ ਆਏ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਪੰਜਾਬ ਦੇ ਲੋਕ ਹੱਥਾਂ ਵਿਚ ਡੰਡੇ ਲੈ ਕੇ ਰਸਤੇ ਵਿਚ ਜਿਸ ਨੂੰ ਵੀ ਦੇਖਦੇ, ਉਸੇ ਨਾਲ ਲੜਨ ਲੱਗੇ। ਇਸ ਦੌਰਾਨ ਪੰਜ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਹਨ। ਇੰਨਾ ਹੀ ਨਹੀਂ ਇਨ੍ਹਾਂ ਸੈਲਾਨੀਆਂ ਨੇ ਪਥਰਾਅ ਕਰ ਕੇ 12 ਵਾਹਨਾਂ ਨੂੰ ਪੱਥਰ ਮਾਰ ਕੇ ਸ਼ੀਸ਼ੇ ਤੋੜ ਦਿੱਤੇ। ਇਕ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਕੇ ਭਾਰੀ ਨੁਕਸਾਨ ਪਹੁੰਚਾਇਆ। ਕਈ ਘਰਾਂ ‘ਤੇ ਪੱਥਰ ਸੁੱਟੇ।
ਇੱਟਾਂ ਨਾਲ ਕੀਤਾ ਹਮਲਾ
ਚਸ਼ਮਦੀਦਾਂ ਮੁਤਾਬਕ ਪੰਜਾਬ ਦੇ ਲੋਕਾਂ ਨੇ ਹੱਥਾਂ ਵਿਚ ਝੰਡੇ ਚੁੱਕੇ ਹੋਏ ਸਨ। ਇਨ੍ਹਾਂ ਲੋਕਾਂ ਨੇ ਰਾਤ ਸਮੇਂ ਬਾਜ਼ਾਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਉਨ੍ਹਾਂ ਨੇ ਰਸਤੇ ਵਿਚ ਜੋ ਵੀ ਮਿਲਦਾ ਸੀ, ਉਸ ਦੀ ਕੁੱਟਮਾਰ ਕੀਤੀ ਤੇ ਸਾਰੇ ਰਸਤੇ ਵਿਚ ਰੌਲਾ ਪਾਉਂਦੇ ਹੋਏ ਬੋਤਲਾਂ ਦੀ ਭੰਨ-ਤੋੜ ਕੀਤੀ ਤੇ ਜਿਸ ਨੂੰ ਵੀ ਉਹ ਰਸਤੇ ਵਿਚ ਦੇਖਦੇ ਸਨ, ਹੱਥਾਂ ਵਿਚ ਇੱਟਾਂ ਲੈ ਕੇ ਹਮਲਾ ਕਰਦੇ ਸਨ। ਇੰਨਾ ਹੀ ਨਹੀਂ ਲੋਕਾਂ ਦੇ ਘਰਾਂ ‘ਤੇ ਪੱਥਰ ਸੁੱਟੇ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ।
ਕਈ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ ਤੇ ਬਾਜ਼ਾਰ ਅਤੇ ਇਸ ਦੇ ਆਲੇ-ਦੁਆਲੇ ਡਰ ਦਾ ਮਾਹੌਲ ਬਣ ਗਿਆ। ਇੱਥੋਂ ਤਕ ਕਿ ਉਹ ਜ਼ਬਰਦਸਤੀ ਇੱਕ ਢਾਬੇ ਵਿੱਚ ਦਾਖਲ ਹੋ ਗਏ ਤੇ ਉੱਥੇ ਲੜਾਈ ਸ਼ੁਰੂ ਕਰ ਦਿੱਤੀ। ਇਹ ਘਟਨਾ ਰਾਤ ਕਰੀਬ 12 ਵਜੇ ਵਾਪਰੀ ਜਦੋਂ ਝੰਡੇ ਲੈ ਕੇ ਆਏ ਸੈਲਾਨੀਆਂ ਨੇ ਕਾਫੀ ਹੰਗਾਮਾ ਕਰ ਦਿੱਤਾ।