ਨਵੀਂ ਦਿੱਲੀ, 11 ਮਾਰਚ (ਬਿਊਰੋ)- ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ (ਸ਼ੁੱਕਰਵਾਰ) ਨਵੀਂ ਦਿੱਲੀ ਪਹੁੰਚ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਮੌਜੂਦਗੀ ‘ਚ ਕੇਜਰੀਵਾਲ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਨ੍ਹਾਂ ਕੇਜਰੀਵਾਲ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਦਿੱਲੀ ਦੇ ਦੋਵੇਂ ਮੰਤਰੀਆਂ ਨੇ ਭਗਵੰਤ ਮਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੁਲਾਕਾਤ ਦੌਰਾਨ ਇਹ ਵੀ ਤੈਅ ਕੀਤਾ ਜਾਵੇਗਾ ਕਿ ਕਿਸ ਵਿਧਾਇਕ ਨੂੰ ਕਿਹੜਾ ਵਿਭਾਗ ਦਿੱਤਾ ਜਾਣਾ ਹੈ, ਇਸ ਦੇ ਨਾਲ ਹੀ 31 ਮਾਰਚ ਨੂੰ ਪੰਜਾਬ ਦੇ 5 ਰਾਜ ਸਭਾ ਮੈਂਬਰਾਂ ਦੀ ਚੋਣ ਵੀ ਹੋਣੀ ਹੈ, ਅਜਿਹੇ ‘ਚ ਸਥਿਤੀ ਸਾਫ਼ ਲੱਗ ਰਹੀ ਹੈ ਕਿ ਪੰਜੇ ਮੈਂਬਰ ਆਪ ਦੇ ਹੀ ਹੋ ਸਕਦੇ ਹਨ।
‘ਆਪ’ ਨੇ ਬਹੁਮਤ ਹਾਸਲ ਕਰਦਿਆਂ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ 92 ਸੀਟਾਂ ਜਿੱਤ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਮਾਨ ਨੇ ਪਹਿਲਾਂ ਕਿਹਾ ਸੀ ਕਿ ਅੱਜ ਸ਼ਾਮ ਤੱਕ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਉਥੇ ਅੱਜ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ ਗਿਆ। ਪੰਜਾਬ ਚੋਣਾਂ ‘ਚ ਸੱਤਾਧਾਰੀ ਕਾਂਗਰਸ 18 ਸੀਟਾਂ ਹਾਸਲ ਹੋਈਆਂ, ਜਦਕਿ ਭਾਜਪਾ ਨੂੰ 2, ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ। ਬਹੁਜਨ ਸਮਾਜ ਪਾਰਟੀ ਸਿਰਫ ਇਕ ਸੀਟ ਜਿੱਤ ਸਕੀ।
ਪੰਜਾਬ ‘ਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਗਠਜੋੜ ਅਤੇ ਭਾਰਤੀ ਜਨਤਾ ਪਾਰਟੀ-ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਗੱਠਜੋੜ ਦੇ ਨਾਲ ਬਹੁ-ਕੋਣੀ ਮੁਕਾਬਲਾ ਦੇਖਣ ਨੂੰ ਮਿਲਿਆ। ਚਰਨਜੀਤ ਸਿੰਘ ਚੰਨੀ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਦਿੱਗਜ ‘ਆਪ’ ਉਮੀਦਵਾਰਾਂ ਤੋਂ ਹਾਰ ਗਏ।