ਸ੍ਰੀ ਮੁਕਤਸਰ ਸਾਹਿਬ,1 ਮਾਰਚ (ਬਿਊਰੋ)- ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਵੜਿੰਗ ਕੋਲ 2 ਕਾਰਾਂ ਦੀ ਹੋਈ ਆਪਸੀ ਟੱਕਰ ‘ਚ ਧਰਮਕੋਟ ਵਾਸੀ ਮਾਂ-ਪੁੱਤ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਦੌਰਾਨ 4 ਲੋਕ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਕੋਟ ਵਾਸੀ ਜਗਸੀਰ ਸਿੰਘ ਆਪਣੀ ਮਾਂ, ਪਤਨੀ ਅਤੇ ਧੀ ਨਾਲ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਸ੍ਰੀ ਮੁਕਤਸਰ ਸਾਹਿਬ ਆਇਆ ਸੀ। ਬੀਤੀ ਰਾਤ ਜਦੋਂ ਉਹ ਆਪਣੀ ਵਰਨਾ ਕਾਰ ਰਾਹੀਂ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵੱਲ ਜਾ ਰਿਹਾ ਸੀ ਤਾਂ ਪ੍ਰਤੱਖ ਦਰਸ਼ੀਆਂ ਅਨੁਸਾਰ ਸਾਹਮਣੇ ਤੋਂ ਆ ਰਹੀ ਇਕ ਹਾਂਡਾ ਆਈਕਾਨ ਕਾਰ ਉਸ ਦੀ ਕਾਰ ਨਾਲ ਟਕਰਾ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇ ਕਾਰਾਂ ਬੁਰੀ ਤਰ੍ਹਾ ਨੁਕਸਾਨੀਆਂ ਗਈਆ। ਇਸ ਹਾਦਸੇ ਦੌਰਾਨ ਜਗਸੀਰ ਸਿੰਘ ਅਤੇ ਉਸ ਦੀ ਮਾਤਾ ਪਰਮਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਅੰਮ੍ਰਿਤਪਾਲ ਕੌਰ ਅਤੇ ਧੀ ਅਭੀਜੋਤ ਕੌਰ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ। ਹਾਂਡਾ ਆਈਕਾਨ ਕਾਰ ਨੂੰ ਗੰਗਾਨਗਰ ਦੇ ਪਿੰਡ ਮੋਹਨਪੁਰ ਦਾ ਵਾਸੀ ਭਗਵੰਤ ਸਿੰਘ ਚਲਾ ਰਿਹਾ ਸੀ ਅਤੇ ਉਸ ਨਾਲ ਇਕ ਹੋਰ ਵਿਅਕਤੀ ਸਵਾਰ ਸੀ। ਇਹ ਦੋਵੇਂ ਵਿਅਕਤੀ ਵੀ ਇਲਾਜ ਅਧੀਨ ਹਨ। ਜਗਸੀਰ ਸਿੰਘ ਧਰਮਕੋਟ ਤੋਂ ਅਕਾਲੀ ਆਗੂ ਤੇ ਸਾਬਕਾ ਮੰਤਰੀ ਤੋਤਾ ਸਿੰਘ ਦਾ ਨਿੱਜੀ ਸਹਾਇਕ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।