ਚੰਡੀਗੜ੍ਹ, 26 ਫਰਵਰੀ (ਬਿਊਰੋ)- ਕੋਰੋਨਾ ਕੇਸਾਂ ‘ਚ ਆ ਰਹੀ ਕਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕੋਵਿਡ ਪਾਬੰਦੀਆਂ 25 ਮਾਰਚ ਤਕ ਵਧਾ ਦਿੱਤੀਆਂ ਹਨ ਤੇ ਨਾਲ ਹੀ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਜਾਰੀ ਪੱਤਰ ਅਨੁਸਾਰ ਸਾਰੇ ਵਿਅਕਤੀਆਂ ਵੱਲੋਂ ਜਨਤਕ ਸਥਾਨਾਂ ਜਿਨ੍ਹਾਂ ਵਿੱਚ ਕੰਮ ਕਰਨ ਵਾਲੀਆਂ ਥਾਵਾਂ ਆਦਿ ਸ਼ਾਮਲ ਹਨ, ‘ਚ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਦੀ ਸਖਤੀ ਨਾਲ ਪਾਲਣਾ ਤੇ ਲਾਗੂ ਕਰਨ ਦੀ ਹਦਾਇਤ ਦਿੱਤੀ ਗਈ ਹੈ। ਯੂਨੀਵਰਸਿਟੀਆਂ, ਕਾਲਜਾਂ (ਮੈਡੀਕਲ ਅਤੇ ਨਰਸਿੰਗ ਕਾਲਜਾਂ ਸਮੇਤ), ਸਕੂਲ, ਪੌਲੀਟੈਕਨਿਕ, ਆਈਟੀਆਈਐਸ, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀਆਂ ਤੇ ਸਿਖਲਾਈ ਸੰਸਥਾਵਾਂ ਨੂੰ ਲੋੜੀਂਦੇ ਸੋਸ਼ਲ ਡਿਸਟੈਂਸਿੰਗ ਨਿਯਮਾਂ, ਰੈਗੂਲਰ ਸੈਨੇਟਾਈਜ਼ੇਸ਼ਨ ਤੇ ਕੋਵਿਡ-19 ਨਿਯਮਾਂ ਨੂੰ ਅਪਣਾਉਂਦੇ ਹੋਏ ਸਰੀਰਕ ਕਲਾਸਾਂ ਲਗਾਉਣ ਦੀ ਇਜਾਜ਼ਤ ਹੈ। 15 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਫਿਜ਼ੀਕਲ ਕਲਾਸਾਂ ‘ਚ ਸ਼ਾਮਲ ਹੋਣ ਵੇਲੇ ਟੀਕਾਕਰਨ ਦੀ ਘੱਟੋ-ਘੱਟ ਪਹਿਲੀ ਖੁਰਾਕ ਲੈਣਾ ਲਾਜ਼ਮੀ ਹੈ। ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ‘ਚ ਸ਼ਾਮਲ ਹੋਣ ਦਾ ਬਦਲ ਹੋਵੇਗਾ। ਬਾਰ, ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਸਪੋਰਟਸ ਕੰਪਲੈਕਸ, ਮਿਊਜ਼ੀਅਮ, ਚਿੜੀਆਘਰ ਆਦਿ 75 ਫ਼ੀਸਦ ਨਾਲ ਖੋਲ੍ਹੇ ਜਾ ਸਕਦੇ ਹਨ। ਏਸੀ ਬੱਸਾਂ ‘ਚ 50 ਫ਼ੀਸਦ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ। ਪ੍ਰਾਈਵੇਟ ਤੇ ਸਰਕਾਰੀ ਅਦਾਰਿਆਂ ‘ਚ ਮਾਸਕ ਪਾਉਣਾ ਲਾਜ਼ਮੀ ਹੈ। ਪੰਜਾਬ ‘ਚ ਐਂਟਰੀ ਲਈ ਵੈਕਸੀਨ ਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੈ।