ਹੁਸ਼ਿਆਰਪੁਰ, 25 ਫਰਵਰੀ (ਬਿਊਰੋ)- ਸ਼੍ਰੋਮਣੀ ਅਕਾਲੀ ਦਲ ਵੱਲੋਂ 2 ਵੱਖੋ ਵੱਖਰੇ ਸੰਵਿਧਾਨ ਰੱਖਣ ਦੇ ਮਾਮਲੇ ਵਿੱਚ ਮਾਲਟਾ ਬੋਟ ਕਮਿਸ਼ਨ ਦੇ ਚੇਅਰਮੈਨ ਅਤੇ ਸ਼ੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਸਰਪ੍ਰਸਤ ਬਲਵੰਤ ਸਿੰਘ ਖੇੜਾ ਅਤੇ ਓਮ ਸਿੰਘ ਸਟਿਆਣਾ ਵੱਲੋ ਦਰਜ ਕਰਵਾਏ ਕੇਸ ਵਿੱਚ ਸ਼ੁਕਰਵਾਰ ਨੂੰ ਸਣਵਾਈ ਲਈ ਪਾਰਟੀ ਦੇ ਸਕੱਤਰ ਜਨਰਲ ਦਲਜੀਤ ਸਿੰਘ ਚੀਮਾ ਹੁਸ਼ਿਆਰਪੁਰ ਦੇ ਏ ਸੀ ਜੇ ਐੱਮ ਰੁਪਿੰਦਰ ਸਿੰਘ ਦੀ ਅਦਾਲਤ ‘ਚ ਪੇਸ਼ ਹੋਏ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੇਸ਼ੀ ਤੋਂ ਛੋਟ ਮਿਲ ਗਈ। ਇਸ ਕੇਸ ਵਿਚ ਬਲਵੰਤ ਸਿੰਘ ਖੇੜਾ ਵੱਲੋਂ ਐਡਵੋਕੇਟ ਬੀ ਐਸ ਰਿਆੜ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਹਾਇਕ ਐਡਵੋਕੇਟ ਹਰਜੋਤ ਕਮਲ ਸਿੰਘ ਪੇਸ਼ ਹੋਏ।
ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਬੀ ਐਸ ਰਿਆੜ ਨੇ ਦੱਸਿਆ ਕਿ ਅਗਲੀ ਸੁਣਵਾਈ ਅਦਾਲਤ ਵੱਲੋਂ 22 ਮਾਰਚ ਨੂੰ ਨਿਰਧਾਰਿਤ ਕੀਤੀ ਗਈ ਹੈ ਜਿਸ ਦੌਰਾਨ ਗਵਾਹੀਆਂ ਹੋਣਗੀਆਂ। ਬਲਵੰਤ ਸਿੰਘ ਖੇੜਾ ਧਿਰ ਵੱਲੋਂ 9 ਗਵਾਹਾਂ ਦੀ ਲਿਸਟ ਮਾਣਯੋਗ ਅਦਾਲਤ ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਆਪਣੀ ਜ਼ਮਾਨਤ ਕਰਵਾ ਚੁੱਕੇ ਹਨ। ਉਨ੍ਹਾਂ ਵੱਲੋਂ ਹੁਸ਼ਿਆਰਪੁਰ ਦੀ ਸੈਸ਼ਨ ਕੋਰਟ ਤੋਂ ਜ਼ਮਾਨਤ ਕਰਵਾਈ ਗਈ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸਹਾਇਕ ਐਡਵੋਕੇਟ ਹਰਜੋਤ ਕਮਲ ਸਿੰਘ ਨੇ ਦੱਸਿਆ ਕਿ ਇਹ ਕੇਸ ਜਲਦੀ ਹੀ ਖਾਰਜ ਹੋ ਜਾਣਗੇ।