24 ਫਰਵਰੀ
ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਪੈਂਦੇ ਬਾਥੜੀ ਉਦਯੋਗਿਕ ਖੇਤਰ ਵਿਚ ਪਟਾਕੇ ਬਣਾਉਣ ਵਾਲੀ ਕਥਿਤ ਨਾਜਾਇਜ਼ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਕਾਰਨ ਛੇ ਮਹਿਲਾ ਮਜ਼ਦੂਰਾਂ ਦੀ ਝੁਲਸਣ ਨਾਲ ਮੌਤ ਹੋ ਗਈ ਹੈ। ਜਦਕਿ 11 ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਊਨਾ ਦੇ ਹਸਪਤਾਲ ਦਾਖਲ ਕਰਾਇਆ ਗਿਆ ਜਿਨ੍ਹਾਂ ਵਿਚੋਂ ਸੱਤ ਨੂੰ ਮਗਰੋਂ ਪੀਜੀਆਈ-ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਫੈਕਟਰੀ ਵਿਚ ਲੱਗੀ ਅੱਗ ਐਨੀ ਭਿਆਨਕ ਸੀ ਕਿ ਕੰਮ ਕਰਨ ਵਾਲਿਆਂ ਨੂੰ ਬਚਣ ਦਾ ਮੌਕਾ ਤੱਕ ਨਹੀਂ ਮਿਲਿਆ ਤੇ ਮੌਕੇ ਉਤੇ ਹੀ ਮੌਤ ਹੋ ਗਈ। ਸਥਾਨਕ ਲੋਕਾਂ ਅਨੁਸਾਰ ਫੈਕਟਰੀ ਵਿਚ ਜ਼ੋਰਦਾਰ ਧਮਾਕੇ ਹੋਣ ‘ਤੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। ਫੈਕਟਰੀ ਵਿਚੋਂ ਨਿਕਲ ਰਿਹਾ ਧੂੰਆਂ ਤੇ ਲਪਟਾਂ ਦੂਰ ਤੋਂ ਨਜ਼ਰ ਆ ਰਹੀਆਂ ਸਨ। ਮੌਕੇ ਉਤੇ ਪੁੱਜੀਆਂ ਫਾਇਰ ਬ੍ਰਿਗੇਡ ਦੀ ਕਈ ਗੱਡੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਊਨਾ ਦੀ ਐੱਸਡੀਐਮ ਨਿਧੀ ਪਟੇਲ ਨੇ ਦੱਸਿਆ ਕਿ ਇਸ ਹਾਦਸੇ ਵਿਚ 7 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜੋ ਕਿ ਉੱਤਰ ਪ੍ਰਦੇਸ਼ ਨਾਲ ਸਬੰਧਤ ਸਨ।