ਪ੍ਰਭੂ ਦਿਆਲ
ਸਿਰਸਾ, 23 ਫਰਵਰੀ
ਹਰਿਆਣਾ ’ਚ ਪੱਤਰਕਾਰਾਂ ਦੀ ਐਕਰੀਡੇਸ਼ਨ ਸਾਲ ਤੋਂ ਘੱਟਾ ਕੇ ਛੇ ਮਹੀਨੇ ਕਰਨ ਦੇ ਵਿਰੋਧ ’ਚ ਪੱਤਰਕਾਰਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੂੰ ਆਪਣਾ ਮੰਗ ਪੱਤਰ ਸੌਂਪਿਆ। ਪੱਤਰਕਾਰਾਂ ਵੱਲੋਂ ਐਕਰੀਡੇਸ਼ਨ ਛੇ ਮਹੀਨੇ ਕੀਤੇ ਜਾਣ ਦਾ ਜਿਥੇ ਵਿਰੋਧ ਕੀਤਾ ਉਥੇ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਐਕਰੀਡੇਸ਼ਨ ਦਾ ਸਮਾਂ ਦੋ ਸਾਲ ਕੀਤਾ ਜਾਏ। ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦਸ ਹਜ਼ਾਰ ਦੀ ਬਜਾਏ ਵੀਹ ਹਜ਼ਾਰ ਪ੍ਰਤੀ ਮਹੀਨਾ ਕੀਤੀ ਜਾਏ। ਪੈਨਸ਼ਨਰ ਦੀ ਉਮਰ 60 ਸਾਲ ਦੀ ਬਜਾਏ 55 ਸਾਲ ਤੇ ਐਕਰੀਡੇਸ਼ਨ ਦੀ ਪੰਜ ਸਾਲ ਦੀ ਸ਼ਰਤ ਨੂੰ ਘੱਟ ਕਰਕੇ ਤਿੰਨ ਸਾਲ ਕੀਤਾ ਜਾਏ। ਪੱਤਰਕਾਰਾਂ ਨੂੰ ਆਯੂਸ਼ਮਾਨ ਯੋਜਨਾ ਦੇ ਤਹਿਤ ਕੈਸ਼ਲੈੱਸ ਮੈਡੀਕਲ ਸੁਵਿਧਾ ਮੁਹੱਈਆ ਕਰਵਾਈ ਜਾਏ। ਕਰਮਚਾਰੀਆਂ ਦੀ ਤਰਜ ’ਤੇ ਰਿਹਾਇਸ਼ੀ ਕੁਆਰਟਰ ਪੱਤਰਕਾਰਾਂ ਨੂੰ ਮੁਹੱਈਆ ਕਰਵਾਏ ਜਾਣ। ਜ਼ਿਲ੍ਹੇ ਵਿੱਚ ਟੌਲ ਟੈਕਸ ਤੋਂ ਪੱਤਰਕਾਰਾਂ ਨੂੰ ਮੁਕਤ ਕੀਤਾ ਜਾਏ। ਇਸ ਮੌਕੇ ’ਤੇ ਅਰੁਣ ਮਹਿਤਾ, ਅਮਰ ਸਿੰਘ ਜਿਆਣੀ, ਮਹਾਂਵੀਰ ਗੋਦਾਰਾ, ਨਕੁਲ ਜਸੂਜਾ, ਕੁਲਦੀਪ ਸ਼ਰਮ, ਵਿਜੈ ਜਸੂਜਾ, ਭੁਪਿੰਦਰ ਪਵਾਰ, ਆਨੰਦ ਭਾਰਗਵ ਤੇ ਰਵੀ ਸ਼ਰਮਾ ਸਮੇਤ ਕਈ ਪੱਤਰਕਾਰ ਮੌਜੂਦ ਸਨ।