ਟੋਕੀਓ, 29 ਜੁਲਾਈ (ਨਵਦੀਪ ਸਿੰਘ ਗਿੱਲ)- ਟੋਕੀਓ ਓਲੰਪਿਕ ਖੇਡਾਂ ਦੇ ਮਰਦਾਂ ਦੇ ਹਾਕੀ ਮੁਕਾਬਲਿਆਂ ਵਿੱਚ ਭਾਰਤ ਨੇ ਰੀਓ ਓਲੰਪਿਕਸ 2016 ਦੇ ਗੋਲ਼ਡ ਮੈਡਲਿਸਟ ਅਰਜਨਟਾਈਨਾ ਨੂੰ 3-1 ਨਾਲ ਹਰਾ ਕੇ ਆਪਣੀ ਤੀਜੀ ਜਿੱਤ ਦਰਜ ਕੀਤੀ। ਭਾਰਤ ਹੁਣ 9 ਅੰਕਾਂ ਨਾਲ ਪੂਲ ਏ ਵਿੱਚ ਦੂਜੀ ਪੁਜ਼ੀਸ਼ਨ ਉਤੇ ਕਾਇਮ ਹੈ। ਕੁਆਰਟਰ ਫ਼ਾਈਨਲ ਵਿੱਚ ਪਹਿਲਾਂ ਹੀ ਸ਼ਾਨ ਨਾਲ ਸਥਾਨ ਬਣਾ ਚੁੱਕਾ ਭਾਰਤ ਅੱਜ ਅਰਜਨਟਾਈਨਾ ਉਪਰ ਪੂਰਾ ਹਾਵੀ ਹੋ ਕੇ ਖੇਡਿਆਂ। ਅੱਧੇ ਸਮੇਂ ਤੱਕ ਭਾਵੇਂ ਸਕੋਰ ਗੋਲ ਰਹਿਤ ਬਰਾਬਰ ਸੀ ਪਰ ਭਾਰਤੀ ਟੀਮ ਵੱਲੋਂ 60 ਫੀਸਦੀ ਤੋਂ ਵੱਧ ਬਾਲ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਗਿਆ ਅਤੇ ਵਿਰੋਧੀ ਡੀ ਵਿੱਚ 20 ਵਾਰ ਬਾਲ ਪਹੁੰਚਾਈ ਗਈ ਜਦੋਂਕਿ ਪਿਛਲਾ ਚੈਂਪੀਅਨ ਅਰਜਨਟਾਈਨਾ ਸਿਰਫ ਦੋ ਵਾਰ ਹੀ ਭਾਰਤ ਵਾਲੇ ਪਾਸੇ ਬਾਲ ਲਿਜਾ ਸਕਿਆਂ।
ਤੀਜੇ ਕੁਆਰਟਰ ਵਿੱਚ ਭਾਰਤ ਨੂੰ ਪਹਿਲੀ ਸਫਲਤਾ ਉਦੋਂ ਮਿਲੀ ਜਦੋਂ 43ਵੇਂ ਮਿੰਟ ਵਿੱਚ ਆਪਣਾ ਪਹਿਲਾ ਓਲੰਪਿਕਸ ਮੈਚ ਖੇਡ ਰਹੇ ਮਿੱਠਾਪੁਰ ਦੇ ਡਰੈਗ ਫਲਿੱਕਰ ਵਰੁਣ ਨੇ ਪੈਨਲਟੀ ਕਾਰਨਰ ਉੱਪਰ ਭਾਰਤ ਗੋਲ ਕੀਤਾ।
ਚੌਥੇ ਕੁਆਰਟਰ ਵਿੱਚ 48ਵੇਂ ਮਿੰਟ ਵਿੱਚ ਅਰਜਨਟਾਈਨਾ ਦੇ ਤਜਰਬੇਕਾਰ ਡਰੈਗ ਫਲਿੱਕਰ ਕੈਸੇਲਾ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਮੈਚ ਦੇ ਆਖਰੀ ਪਲਾਂ ਵਿੱਚ ਭਾਰਤ ਨੇ ਦੋ ਗੋਲ ਕਰਕੇ 3-1 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਮਿੰਟ ਵਿੱਚ ਫੀਲਡ ਗੋਲ ਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਪਰ ਗੋਲ ਕੀਤਾ। ਅਰਜਨਟਾਈਨਾ ਨੂੰ ਬੇਲੋੜਾ ਡਿਫੈਂਸਿਵ ਖੇਡਣ ਦਾ ਖ਼ਮਿਆਜ਼ਾ ਭੁਗਤਣਾ ਪਿਆ।
ਅੱਜ ਦੇ ਮੈਚ ਵਿੱਚ ਭਾਰਤ ਨੇ ਲਲਿਤ ਉਪਾਧਿਆਏ ਤੇ ਬਿਰੇਂਦਰ ਲਾਕੜਾ ਦੀ ਜਗ੍ਹਾਂ ਗੁਰਜੰਟ ਸਿੰਘ ਤੇ ਵਰੁਣ ਕੁਮਾਰ ਨੂੰ ਆਖਰੀ 16 ਚ ਖਿਡਾਇਆ।ਹੁਣ ਤੱਕ ਰੁਪਿੰਦਰ ਪਾਲ ਸਿੰਘ ਤੇ ਹਰਮਨਪ੍ਰੀਤ ਸਿੰਘ ਟੋਕੀਓ ਓਲੰਪਿਕਸ ਵਿੱਚ ਤਿੰਨ-ਤਿੰਨ ਗੋਲ਼ਾਂ ਨਾਲ ਭਾਰਤ ਦੇ ਟਾਪ ਸਕੋਰਰ ਬਣੇ ਹੋਏ ਹਨ।
ਭਾਰਤ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ ਫੇਰ ਆਸਟਰੇਲੀਆ ਹੱਥੋਂ 1-7 ਦੀ ਹਾਰ ਮਿਲੀ। ਇਸ ਤੋਂ ਬਾਅਦ ਭਾਰਤ ਨੇ ਜ਼ਬਰਦਸਤ ਵਾਪਸੀ ਕਰਦਿਆਂ ਸਪੇਨ ਨੂੰ 3-0 ਨਾਲ ਹਰਾਇਆ ਅਤੇ ਅੱਜ ਅਰਜਨਟਾਈਨਾ ਨੂੰ 3-1 ਨਾਲ ਹਰਾਇਆ। ਭਾਰਤ ਦਾ ਆਖਰੀ ਪੂਲ ਮੈਚ 30 ਜੁਲਾਈ ਨੂੰ ਮੇਜ਼ਬਾਨ ਜਪਾਨ ਨਾਲ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਹੈ।