ਬਲਵੰਤ ਸਿੰਘ ਰਾਮੂਵਾਲੀਆ ਨੇ PM ਮੋਦੀ ਨੂੰ ਲਿਖੀ ਚਿੱਠੀ, ਟਰੈਵਲ ਏਜੰਟਾਂ ਸਬੰਧੀ ਕੀਤੀ ਇਹ ਮੰਗ

ramuwalia/nawanpunjab.com

ਜਲੰਧਰ, 4 ਫਰਵਰੀ (ਬਿਊਰੋ)- ਸਾਬਕਾ ਰਾਜਸਭਾ ਮੈਂਬਰ ਬਲਵੰਤ ਸਿੰਘ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਧੋਖੇਬਾਜ਼ ਅਤੇ ਠੱਗ ਟਰੈਵਲ ਏਜੰਟਾਂ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਚਿੱਠੀ ’ਚ ਉਨ੍ਹਾਂ ਲਿਖਿਆ ਕਿ ਧੋਖੇਬਾਜ਼ ਟਰੈਵਲ ਏਜੰਟਾਂ ਨੇ ਲੱਖਾਂ ਨੌਜਵਾਨ ਲੜਕੇ-ਲੜਕੀਆਂ, ਖਾਸ ਕਰ ਕੇ ਪੰਜਾਬ, ਗੁਜਰਾਤ ਅਤੇ ਕੇਰਲਾ ਦੇ ਨੌਜਵਾਨਾਂ ਨਾਲ ਬਾਹਰ ਭੇਜਣ ਦੇ ਨਾਂ ’ਤੇ ਠੱਗੀਆਂ ਮਾਰੀਆਂ, ਜੋ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਚਿੱਠੀ ਰਾਹੀਂ ਮੈਂ ਤੁਹਾਡੇ ਧਿਆਨ ’ਚ ਪਿਛਲੇ ਕੁਝ ਸਮੇਂ ਤੋਂ ਧੋਖੇਬਾਜ਼ ਏਜੰਟ (ਜੋ ਭਾਰਤੀ ਮੂਲ ਦੇ ਹਨ) ਵੱਲੋਂ ਕੈਨੇਡਾ ਦੇ ਸ਼ਹਿਰ ਮਾਂਟ੍ਰੀਅਲ (ਕਿਊਬਿਕ ਪ੍ਰਦੇਸ਼) ’ਚ ਹਜ਼ਾਰਾਂ ਪੰਜਾਬੀ ਵਿਦਿਆਰਥੀਆਂ ਨਾਲ ਧੋਖਾ ਕਰਕੇ ਪੈਸੇ ਠੱਗਣ ਦੀਆਂ ਘਟਨਾਵਾਂ ਲਿਆਉਣਾ ਚਾਹੁੰਦਾ ਹਾਂ।

ਇਨ੍ਹਾਂ ਵਿਦਿਆਰਥੀਆਂ ਤੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਗਈਆਂ ਅਤੇ ਝੂਠੇ ਭਰੋਸੇ ਦਿੱਤੇ ਕਿ ਅਸੀਂ ਤੁਹਾਨੂੰ ਹੁਨਰਮੰਦ ਉੱਚ ਵਿੱਦਿਆ ਦੀਆਂ ਡਿਗਰੀਆਂ ਦੁਆਵਾਂਗੇ, ਜਿਸ ਨਾਲ ਤੁਸੀਂ ਕੈਨੇਡਾ ਦੇ ਪੱਕੇ ਵਸਨੀਕ ਬਣ ਜਾਓਗੇ। ਇਸੇ ਤਰ੍ਹਾਂ ਪੰਜਾਬੀ ਵਿਦਿਆਰਥੀਆਂ ਤੋਂ 45 ਮਿਲੀਅਨ ਕੈਨੇਡੀਅਨ ਡਾਲਰ, ਜੋ ਭਾਰਤ ਦੇ ਲਗਭਗ ਪੌਣੇ ਤਿੰਨ ਅਰਬ ਰੁਪਏ ਬਣਦੇ ਹਨ, ਠੱਗ ਲਏ ਅਤੇ ਹੁਣ ਬੱਚਿਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਸਾਡੀਆਂ ਸੰਸਥਾਵਾਂ ਵਿੱਤੀ ਸੰਕਟ ’ਚ ਫਸ ਗਈਆਂ ਹਨ, ਇਸ ਲਈ ਤੁਸੀਂ ਹੋਰ ਥਾਵਾਂ ’ਤੇ ਜਾ ਕੇ ਪੜ੍ਹਾਈ ਕਰ ਲਓ। ਅਸੀਂ ਤੁਹਾਨੂੰ ਸਿਰਫ਼ ਸਾਡੇ ਵਿਦਿਆਰਥੀ ਹੋਣ ਦਾ ਸਰਟੀਫਿਕੇਟ ਦੇਣ ਤੋਂ ਵੱਧ ਹੋਰ ਕੁਝ ਨਹੀਂ ਦੇ ਸਕਦੇ। ਇਸ ਲਈ ਤੁਸੀਂ ਹੋਰ ਸੰਸਥਾਵਾਂ ’ਚ ਚਲੇ ਜਾਓ।
ਮਾਣਯੋਗ ਪ੍ਰਧਾਨ ਮੰਤਰੀ ਜੀ ਅਜਿਹੇ ਹਾਲਾਤਾਂ ’ਚ ਬਹੁਤ ਸਾਰੇ ਲੜਕੇ-ਲੜਕੀਆਂ ਆਤਮਹੱਤਿਆਵਾਂ ਕਰਨ ਜਾਂ ਹੋਰ ਗਲਤ ਕਦਮ ਚੁੱਕ ਸਕਦੇ ਹਨ। ਇਸ ਲਈ ਕੈਨੇਡਾ ਵਿਚਲੇ ਭਾਰਤੀ ਦੂਤਘਰ ਨੂੰ ਹੁਕਮ ਦੇਵੋ ਕਿ ਉਹ ਸਾਡੇ ਵਿਦਿਆਰਥੀਆਂ ਨੂੰ ਸੰਕਟ ’ਚੋਂ ਕੱਢੇ ਤੇ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ। ਧੋਖੇਬਾਜ਼ ਏਜੰਟਾਂ ’ਤੇ ਦੇਸ਼ ਭਰ ’ਚ ਸ਼ਿਕੰਜਾ ਕੱਸੋ ਅਤੇ ਠੱਗੀਆਂ ਗਈਆਂ ਰਕਮਾਂ ਵਾਪਸ ਕਰਵਾਓ।

Leave a Reply

Your email address will not be published. Required fields are marked *