ਉੱਤਰਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੰਡ ਮਾਣਾ ’ਚ ਸਥਿਤ ਸੀਮਾ ਸੜਕ ਸੰਗਠਨ (ਬੀਆਰਓ) ਦੇ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਕਾਰਨ ਕਈ ਫੁੱਟ ਬਰਫ਼ ਹੇਠਾਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਅੱਜ ਸਵੇਰੇ ਫਿਰ ਬਚਾਅ ਕਾਰਜ ਸ਼ੁਰੂ ਕੀਤੇ ਗਏ ਤੇ 14 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਅੱਠ ਜਣੇ ਹਾਲੇ ਵੀ ਫਸੇ ਹੋਏ ਹਨ। ਬਰਦੀਨਾਥ ਤੋਂ ਤਿੰਨ ਕਿਲੋਮੀਟਰ ਦੂਰ ਮਾਣਾ ਪਿੰਡ ਭਾਰਤ-ਤਿੱਬਤ ਸਰਹੱਦ ’ਤੇ 3,200 ਮੀਟਰ ਦੀ ਉਚਾਈ ’ਤੇ ਸਥਿਤ ਹੈ
ਅਧਿਕਾਰੀਆਂ ਨੇ ਦੱਸਿਆ ਕਿ ਮਾਣਾ ਤੇ ਬਦਰੀਨਾਥ ਵਿਚਾਲੇ ਬੀਆਰਓ ਕੈਂਪ ’ਚ ਬਰਫ਼ ਦੇ ਤੋਦੇ ਖਿਸਕਣ ਦੀ ਘਟਨਾ ਸ਼ੁੱਕਰਵਾਰ ਸਵੇਰੇ ਵਾਪਰੀ ਸੀ ਜਿਸ ਕਾਰਨ 55 ਮਜ਼ਦੂਰ ਫਸੇ ਗਏ ਸਨ, ਜਿਨ੍ਹਾਂ ਵਿਚੋਂ ਹੁਣ ਤੱਕ 47 ਨੂੰ ਬਚਾਅ ਲਿਆ ਗਿਆ ਹੈ। ਸ਼ੁੱਕਰਵਾਰ ਰਾਤ ਤੱਕ 33 ਮਜ਼ਦੂਰਾਂ ਨੂੰ ਕੱਢ ਲਿਆ ਗਿਆ ਸੀ। ਲੰਘੇ ਦਿਨ ਮੀਂਹ ਤੇ ਬਰਫਬਾਰੀ ਕਾਰਨ ਬਚਾਅ ਕਾਰਜਾਂ ’ਚ ਵਿਘਨ ਪਿਆ ਸੀ ਰਾਤ ਸਮੇਂ ਬਚਾਅ ਕਾਰਜ ਰੋਕ ਦਿੱਤਾ ਗਿਆ। ਅੱਜ ਸਵੇਰੇ ਮੌਸਮ ਸਾਫ਼ ਹੋਣ ਮਗਰੋਂ ਬਚਾਅ ਕਾਰਜਾਂ ’ਚ ਹੈਲਕਾਪਟਰ ਦੀ ਮਦਦ ਲਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ.ਕੇ. ਜੋਸ਼ੀ ਨੇ ਦੱਸਿਆ ਕਿ ਮਾਣਾ ’ਚ ਤਾਇਨਾਤ ਆਈਟੀਬੀਪੀ ਦੇ ਜਵਾਨਾਂ ਨੇ ਸਵੇਰੇ ਫਿਰ ਬਚਾਅ ਕਾਰਜ ਸ਼ੁੁਰੂ ਕੀਤੇ। ਅਧਿਕਾਰੀਆਂ ਮੁਤਾਬਕ ਬਚਾਅ ਟੀਮ ਨੇ 14 ਹੋਰ ਮਜ਼ਦੂਰਾਂ ਨੂੰ ਬਰਫ ਹੇਠੋਂ ਬਾਹਰ ਕੱਢਿਆ ਜਦਕਿ ਬਾਕੀ ਅੱਠਾਂ ਦੀ ਭਾਲ ਜਾਰੀ ਹੈ ਜੋ 24 ਘੰਟਿਆਂ ਤੋਂ ਵੱਧ ਸਮੇਂ ਫਸੇ ਹੋਏ ਹਨ।