ਉੱਤਰ ਪ੍ਰਦੇਸ਼, 31 ਜਨਵਰੀ (ਬਿਊਰੋ)- ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਐਤਵਾਰ ਦੇਰ ਰਾਤ ਇਕ ਭਿਆਨਕ ਸਡ਼ਕ ਹਾਦਸਾ ਵਾਪਰਿਆ। ਇਕ ਇਲੈਕਟ੍ਰਿਕ ਬਸ ਨੇ ਬੇਕਾਬੂ ਹੋ ਕੇ ਕਈ ਲੋਕਾਂ ਨੂੰ ਕੁਚਲ ਦਿੱਤਾ। ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ ਤੇ ਕਈ ਜਖ਼ਮੀ ਹੋ ਗਏ ਹਨ। ਘਟਨਾ ਦੇਰ ਰਾਤ ਟਾਟ ਮਿਲ ਦੇ ਕੋਲ ਹੋਈ। ਬਸ ਦੀ ਲਪੇਟ ‘ਚ ਆਉਣ ਨਾਲ 3 ਕਾਰਾਂ ਤੇ ਕਈ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ। ਇਕ ਸਕੂਟਰ ਤੇ ਮੋਟਰਸਾਈਕਲ ਬਸ ‘ਚ ਫਸ ਕੇ ਕਰੀਬ 50 ਮੀਟਰ ਤੱਕ ਨਾਲ ਹੀ ਘਡ਼ੀਸਦੇ ਗਏ। ਦੇਰ ਰਾਤ ਤੱਕ ਮਰਨ ਵਾਲਿਆਂ ‘ਚੋਂ ਕੇਵਲ ਤਿੰਨ ਦੀ ਹੀ ਪਹਿਚਾਣ ਹੋ ਸਕੀ ਸੀ। ਜਖ਼ਮੀਆਂ ‘ਚ ਕਈਆਂ ਦੀ ਹਾਲਤ ਨਾਜ਼ੁਕ ਹੈ।
ਕਿਹਾ ਜਾ ਰਿਹਾ ਹੈ ਕਿ ਬਸ ਚਾਲਕ ਨੇ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ। ਪੁਲਿਸ ਨੇ ਬਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਡੀਸੀਪੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸਿਟੀ ਬਸ ਨੰ.ਯੂਪੀ 78 ਜੀਟੀ 3970 ਨਾਲ ਇਹ ਹਾਦਸਾ ਵਾਪਰਿਆ ਹੈ। ਬਸ ਨੂੰ ਸਤਿਯੇਂਦਰ ਚਲਾ ਰਿਹਾ ਸੀ ਜੋ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰ ਦੇਰ ਰਾਤ ਤੱਕ ਪੁਲਿਸ ਨੇ ਬਸ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਹਾਦਸੇ ਦੇ ਕਾਰਨਾਂ ਨੂੰ ਲੈਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।