ਕਲਾਨੌਰ, 28 ਜਨਵਰੀ (ਪੁਰੇਵਾਲ) – ਜ਼ਿਲ੍ਹਾ ਗੁਰਦਾਸਪੁਰ ਅਧੀਨ ਗੁਜ਼ਰਦੀ ਕੌਮਾਂਤਰੀ ਭਾਰਤ ਪਾਕਿ ਸਰਹੱਦ ‘ਤੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਪਾਕਿ ਤਸਕਰਾਂ ਦੀ ਨਸ਼ਾ ਤੇ ਹਥਿਆਰ ਤਸਕਰੀ ਦੀ ਵਾਰਦਾਤ ਨੂੰ ਨਾਕਾਮ ਕਰਨ ਮੌਕੇ ਬੀ.ਐਸ.ਐਫ. ਦੇ ਜਵਾਨਾਂ ਵਿਚਕਾਰ ਬੀ.ਐਸ.ਐਫ. ਦੀ ਚੰਦੂ ਵਡਾਲਾ ਪੋਸਟ ਅਧੀਨ ਮੁੱਠਭੇੜ ਹੋ ਗਈ | ਇਸ ਮੁੱਠਭੇੜ ‘ਚ ਇਕ ਬੀ.ਐਸ.ਐਫ. ਜਵਾਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਹ, ਜਦਕਿ ਧੁੰਦ ਦਾ ਸਹਾਰਾ ਲੈ ਕੇ ਪਾਕਿ ਤਸਕਰ ਵਾਪਸ ਭੱਜਣ ‘ਚ ਕਾਮਯਾਬ ਹੋ ਗਏ।
ਇਸ ਮੌਕੇ ‘ਤੇ ਬੀ. ਐੱਸ. ਐੱਫ. ਸੈਕਟਰ ਹੈੱਡਕੁਆਟਰ ਗੁਰਦਾਸਪੁਰ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਸਮੇਤ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਡਾ. ਨਾਨਕ ਸਿੰਘ ਸਮੇਤ ਹੋਰ ਅਧਿਕਾਰੀ ਪਹੁੰਚੇ ਹੋਏ ਹਨ। ਸਰਚ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਹੈਰੋਇਨ ਅਤੇ ਅਸਲਾ ਵੀ ਬਰਾਮਦ ਹੋਣ ਦੀ ਖ਼ਬਰ ਹੈ। ਇਸ ਮੁੱਠਭੇੜ ਵਿਚ ਜ਼ਖ਼ਮੀ ਹੋਏ ਬੀ.ਐਸ.ਐਫ. ਜਵਾਨ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਭੇਜਿਆ ਗਿਆ ਹੈ।