ਚੰਡੀਗੜ੍ਹ, 27 ਜਨਵਰੀ (ਬਿਊਰੋ)- ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ‘ਚ ਵੀਰਵਾਰ ਨੂੰ ਵਾਰ ਰੂਮ ਦੀ ਬੈਠਕ ਹੋਈ। ਬੈਠਕ ‘ਚ ਕੋਰੋਨਾ ਦੇ ਕੇਸ ਘੱਟ ਹੋਣ ਕਾਰਨ ਪ੍ਰਸ਼ਾਸਨ ਨੇ ਸ਼ਹਿਰ ‘ਚ ਲਾਈਆਂ ਕਈ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਪ੍ਰਸ਼ਾਸਨ ਨੇ ਆਪਣੀ ਮੰਡੀ ਸਮੇਤ ਸਾਰੀਆਂ ਮਾਰਕਿਟਾਂ ਦਾ ਸਮਾਂ ਵਧਾ ਕੇ ਰਾਤ 10 ਵਜੇ ਤੱਕ ਕਰ ਦਿੱਤਾ ਹੈ। ਸਾਰੀਆਂ ਥਾਵਾਂ ‘ਤੇ ਕੋਰੋਨਾ ਨੂੰ ਲੈ ਕੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।
ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਸਾਰੇ ਜਿੰਮ ਅਤੇ ਹੈਲਥ ਸੈਂਟਰ 50 ਫ਼ੀਸਦੀ ਸਮਰੱਥਾ ਨਾਲ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ ਪਰ ਸਾਰੇ ਸਟਾਫ਼ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਲਾਜ਼ਮੀ ਹਨ। ਸੁਖਨਾ ਝੀਲ ‘ਤੇ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਬੋਟਿੰਗ ਸਮੇਤ ਸਾਰੀਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਸੁਖਨਾ ਝੀਲ ‘ਤੇ ਸਾਰੀਆਂ ਦੁਕਾਨਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਖੋਲ੍ਹਿਆ ਜਾਵੇਗਾ। 1 ਫਰਵਰੀ ਤੋਂ 10ਵੀਂ ਅਤੇ 12ਵੀਂ ਜਮਾਤ ਲਈ ਸਕੂਲ ਖੋਲ੍ਹ ਦਿੱਤੇ ਜਾਣਗੇ।
ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ ਇਸ ਸਬੰਧ ‘ਚ ਸਿੱਖਿਆ ਵਿਭਾਗ ਵੱਲੋਂ ਡਿਟੇਲ ਆਰਡਰ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਕੋਚਿੰਗ ਇੰਸਟੀਚਿਊਟ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣਗੇ ਪਰ 15 ਤੋਂ 18 ਸਾਲ ਦੇ ਵਿਦਿਆਰਥੀਆਂ ਨੂੰ ਇਕ ਡੋਜ਼ ਅਤੇ 18 ਸਾਲ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਦੋਵੇਂ ਡੋਜ਼ ਲੱਗਣੀਆਂ ਜ਼ਰੂਰੀ ਹਨ।