ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਵਿਚ ਅੰਦਰੂਨੀ ਫੁੱਟ ਕਾਰਨ ਪਾਰਟੀ ਲਈ ਗਲੇ ਦੀ ਹੱਡੀ ਬਣ ਗਈ ਹੈ। ਬੀਬੀ ਜਗੀਰ ਕੌਰ ਦੇ ਬਦਲੇ ਤੇਵਰ ਅਤੇ ਬਾਗੀ ਰਵੱਈਏ ਕਾਰਨ ਕਮੇਟੀ ਮੈਂਬਰਾਂ ਵਿਚ ਆਪਸੀ ਜੋੜ-ਤੋੜ ਦਾ ਸਿਲਸਿਲਾ ਜਾਰੀ ਹੈ। ਦੱਸਣਯੋਗ ਹੈ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਰੌਚਕ ਬਣੀ ਹੋਈ ਹੈ। ਪਹਿਲਾਂ ਚੋਣ ਜਿਸ ਤਰੀਕੇ ਨਾਲ ਸਰਬਸੰਮਤੀ ਨਾਲ ਕਰਵਾਈ ਜਾਂਦੀ ਸੀ ਜਾਂ ਵੋਟਾਂ ਰਾਹੀਂ ਲਿਫ਼ਾਫ਼ੇ ਵਿਚੋਂ ਨਾਂ ਦਾ ਐਲਾਨ ਹੁੰਦਾ ਸੀ, ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ’ਤੇ ਹਮੇਸ਼ਾ ਹੀ ਬਾਦਲ ਧੜੇ ਦਾ ਦਬਦਬਾ ਰਿਹਾ ਸੀ।
ਇਸ ਵਾਰ ਪਾਰਟੀ ਵਲੋਂ ਕੀਤੇ ਯਤਨਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਲਈ ਕੋਈ ਸਹੀ ਨਤੀਜਾ ਸਾਹਮਣੇ ਲਿਆਉਣਾ ਔਖਾ ਜਾਪਦਾ ਹੈ ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਬਾਦਲ ਧੜੇ ਦਾ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਰਿਹਾ ਹੈ।