ਸ਼ਿਮਲਾ, 24 ਜਨਵਰੀ (ਬਿਊਰੋ)- ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਥਾਂਵਾਂ ‘ਚ ਭਾਰੀ ਬਰਫ਼ਬਾਰੀ ਨਾਲ ਸੜਕਾਂ ਰੁਕ ਗਈਆਂ ਹਨ, ਜਿਸ ਕਾਰਨ ਉੱਪਰੀ ਹਿੱਸਾ ਪੂਰੀ ਤਰ੍ਹਾਂ ਨਾਲ ਸੜਕ ਮਾਰਗ ਤੋਂ ਕਟ ਗਿਆ ਹੈ। ਅਧਿਕਾਰਤ ਸੂਤਰਾਂ ਅਨੁਸਾਰ ਠਿਯੋਗ-ਚੋਪਾਲ ਰੋਡ ਖਿੜਕੀ ਕੋਲ, ਠਿਯੋਗ-ਰੋਹਡੂ ਰੋਡ ਖੜਾਪੱਥਰ ਕੋਲ, ਠਿਯੋਗ-ਰਾਮਪੁਰ ਨਾਰਕੰਡਾ ਤੋਂ, ਸ਼ਿਮਲਾ-ਠਿਯੋਗ ਰੋਡ ਕੁਫਰੀ-ਗਾਲੂ-ਫਾਗੂ ਕੋਲ ਬੰਦ ਹੈ। ਰਾਮਪੁਰ ਲਈ ਵਾਇਆ ਧਾਮੀ-ਕਿਗਲ ਹੁੰਦੇ ਹੋਏ ਬੱਸ ਭੇਜੀ ਜਾ ਰਹੀ ਹੈ। ਸ਼ਿਮਲਾ ਸ਼ਹਿਰ ਦੀਆਂ ਸੜਕਾਂ ਵੀ ਬਰਫ਼ ਨਾਲ ਢਕੀਆਂ ਗਈਆਂ ਹਨ ਅਤੇ ਸੜਕਾਂ ਸਾਫ਼ ਕਰਨ ਦਾ ਕੰਮ ਰਾਸ਼ਟਰੀ ਰਾਜਮਾਰਗ ਅਥਾਰਟੀ, ਲੋਕਨਿਰਮਾਣ ਵਿਭਾਗ ਅਤੇ ਨਗਰ ਨਿਗਮ ਕਰ ਰਹੇ ਹਨ।
ਰਾਜਧਾਨੀ ਸ਼ਿਮਲਾ ਦੇ ਨੇੜੇ-ਤੇੜੇ ਟੂਟੂ, ਸਮਰਹਿਲ, ਬਾਲੂਗੰਜ, ਵਿਕਰੀ ਟਨਲ, ਲੱਕੜ ਬਾਜ਼ਾਰ, ਸੰਜੌਲੀ ਛੋਟਾ ਸ਼ਿਮਲਾ ਆਦਿ ਥਾਂਵਾਂ ‘ਤੇ ਆਵਾਜਾਈ ਦੀ ਵਿਵਸਥਾ ਠੱਪ ਪਈ ਹੈ। ਸੂਬੇ ਦੇ ਹੇਠਲੇ ਇਲਾਕਿਆਂ ‘ਚ ਮੀਂਹ ਪੈਣ ਕਾਰਨ ਪੂਰੇ ਪ੍ਰਦੇਸ਼ ‘ਚ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਸ਼ਿਮਲਾ, ਕੁੱਲੂ, ਲਾਹੌਲ ਸਪੀਤੀ, ਕਿੰਨੌਰ, ਚੰਬਾ ‘ਚ ਬਰਫ਼ਬਾਰੀ ਦਾ ਦੌਰਾ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਸੋਲਨ, ਬਿਲਾਸਪੁਰ, ਊਨਾ, ਹਮੀਰਪੁਰ, ਮੰਡੀ, ਕਾਂਗੜਾ ਅਤੇ ਸਿਰਮੌਰ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ।