ਚੰਡੀਗੜ੍ਹ, 25 ਅਕਤੂਬਰ:
ਪੰਜਾਬ ਚ ਬਾਗ਼ਬਾਨੀ ਦੇ ਖੇਤਰ
ਚ ਸੁਧਾਰ ਲਿਆਉਣ ਲਈ ਇਜ਼ਰਾਈਲ ਦੀ ਨਵੀਨਤਮ ਤਕਨੀਕ ਨੂੰ ਅਪਣਾਵਾਂਗੇ ਤਾਂ ਜੋ ਪਾਣੀ ਘੱਟ ਵਰਤੋਂ ਕਰਕੇ ਵੀ ਫ਼ਸਲਾਂ/ਸ਼ਬਜੀਆਂ ਦਾ ਭਰਪੂਰ ਝਾੜ ਹਾਸਲ ਕੀਤਾ ਜਾ ਸਕੇ।
ਪੰਜਾਬ ਦੇ ਬਾਗ਼ਬਾਨੀ ਅਤੇ ਭੂਮੀ ਅਤੇ ਪਾਣੀ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਸੈਕਟਰ 26 ਸਥਿਤ ਮੈਗਸੀਪਾ ਸੰਸਥਾ ਵਿਖੇ ਇਜ਼ਰਾਈਲ ਦੇ ਬਾਗ਼ਬਾਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਦੱਸਿਆ ਕਿ ਇਜ਼ਰਾਈਲ ਵਿੱਚ ਪਾਣੀ ਦੇ ਸਰੋਤ ਨਾ ਮਾਤਰ ਹੋਣ ਦੇ ਬਾਵਜੂਦ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਕੁਆਲਿਟੀ ਪੈਦਾਵਾਰ `ਤੇ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਬਾਗ਼ਬਾਨੀ ਦੀਆਂ ਨਵੀਂਆਂ ਤਕਨੀਕਾਂ ਅਪਣਾਉਣ ਵਿੱਚ ਇਜ਼ਰਾਈਲ ਵਿਸ਼ਵ ਭਰ ਵਿੱਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਜ਼ਰਾਈਲ ਦੀ ਤਕਨੀਕ ਨਾਲ ਚੱਲ ਰਹੇ ਸੈਂਟਰ ਬਾਗਬਾਨੀ ਫਸਲਾਂ ਦੀ ਕੁਆਲਿਟੀ ਪੈਦਾਵਾਰ ਵਿੱਚ ਸਹਾਈ ਹੋ ਰਹੇ ਹਨ। ਇਸ ਲਈ ਇਸ ਤਕਨਾਲੌਜੀ ਨੂੰ ਬਾਗਬਾਨੀ ਦੇ ਖੇਤਰ ਵਿੱਚ ਬਾਕੀ ਫਸਲਾਂ ਲਈ ਵੀ ਲਾਗੂ ਕਰਨ ਲਈ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।