ਚੰਡੀਗੜ੍ਹ, 28 ਜੂਨ (ਦਲਜੀਤ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ 29 ਜੂਨ ਨੂੰ ਪੰਜਾਬ ਲਈ ਵੱਡੇ ਐਲਾਨ ਕਰ ਸਕਦੇ ਹਨ। ਇਸ ਬਾਰੇ ਟਵੀਟ ਕਰਦਿਆਂ ਕੇਜਰੀਵਾਲ ਨੇ ਲਿਿਖਆ ਹੈ ਕਿ ਇੰਨੀ ਮਹਿੰਗਾਈ ‘ਚ ਇਕ ਜਨਾਨੀ ਲਈ ਘਰ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਉਨ੍ਹਾਂ ਲਿਿਖਆ ਕਿ ਦਿੱਲੀ ‘ਚ ਹਰ ਪਰਿਵਾਰ ਨੂੰ 200 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ, ਜਿਸ ਤੋਂ ਜਨਾਨੀਆਂ ਬੇਹੱਦ ਖ਼ੁਸ਼ ਹਨ ਪਰ ਪੰਜਾਬ ‘ਚ ਮਹਿੰਗਾਈ ਤੋਂ ਜਨਾਨੀਆਂ ਬੇਹੱਦ ਦੁਖੀ ਹਨ ਅਤੇ ਪੰਜਾਬ ‘ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ।
ਕੇਜਰੀਵਾਲ ਦੇ ਇਸ ਟਵੀਟ ਤੋਂ ਸਾਫ਼ ਜ਼ਾਹਰ ਹੈ ਕਿ 29 ਤਾਰੀਖ਼ ਨੂੰ ਚੰਡੀਗੜ੍ਹ ਆ ਰਹੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੀ ਤਰਜ਼ ‘ਤੇ ਪੰਜਾਬ ਲਈ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਕੇਜਰੀਵਾਲ ਵੱਲੋਂ ਪੰਜਾਬ ਦੀਆਂ ਬੀਬੀਆਂ ਲਈ ਵੀ ਖ਼ਾਸ ਸਹੂਲਤਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਕੇਜਰੀਵਾਲ ਦੇ ਇਸ ਟਵੀਟ ਬਾਰੇ ਆਪ ਆਗੂ ਜਰਨੈਲ ਸਿੰਘ ਨੇ ਲਿਿਖਆ ਹੈ ਕਿ ਪੰਜਾਬ ‘ਚ ਬਿਜਲੀ ਦੇ ਬਿੱਲਾਂ ਦੀ ਸਰਕਾਰੀ ਲੁੱਟ ਤੋਂ ਜਨਤਾ ਹੁਣ ਛੁਟਕਾਰਾ ਪਾਉਣਾ ਚਾਹੁੰਦੀ ਹੈ ਅਤੇ ਸਸਤੀ ਬਿਜਲੀ ਦਾ ਸਭ ਨੂੰ ਅਧਿਕਾਰ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਚੰਡੀਗੜ੍ਹ ਆਉਣ ਲਈ ਜੀ ਆਇਆਂ ਕਿਹਾ ਹੈ।