ਵਾਸ਼ਿੰਗਟਨ, 15 ਜਨਵਰੀ (ਬਿਊਰੋ)- ਕੋਰੋਨਾ ਦੇ ਓਮੀਕ੍ਰੋਨ ਵੈਰੀਐਂਟ ਕਾਰਨ ਆਈ ਮਹਾਮਾਰੀ ਦੀ ਲਹਿਰ ਨਾਲ ਅਮਰੀਕਾ ’ਚ ਸਿਹਤ ਪ੍ਰਬੰਧ ਲਡ਼ਖਡ਼ਾ ਗਏ ਹਨ। ਬੁੱਧਵਾਰ ਨੂੰ ਅਮਰੀਕੀ ਹਸਪਤਾਲਾਂ ’ਚ ਦਾਖ਼ਲ ਮਰੀਜ਼ਾਂ ਦੀ ਗਿਣਤੀ 151261 ਤਕ ਪੁੱਜ ਗਈ ਜੋ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਵਧਦੇ ਮਰੀਜ਼ਾਂ ਕਾਰਨ ਹਸਪਤਾਲ ’ਚ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘੱਟ ਪੈ ਰਹੀ ਹੈ।
ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਦੇ ਅੰਕਡ਼ਿਆਂ ਦੇ ਹਵਾਲੇ ਤੋਂ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ 19 ਸੂਬਿਆਂ ’ਚ 15 ਫ਼ੀਸਦੀ ਤੋਂ ਘੱਟ ਆਈਸੀਯੂ ਬੈੱਡ ਖ਼ਾਲੀ ਹਨ। ਇਨ੍ਹਾਂ ’ਚੋਂ ਵੀ ਚਾਰ ਸੂਬਿਆਂ ਕੇਂਚੁਕੀ, ਅਲਬਾਮਾ, ਇੰਡੀਆਨਾ ਤੇ ਨਿਊ ਹੈਂਪਸ਼ਾਇਰ ਦੇ ਹਸਪਤਾਲਾਂ ’ਚ ਖ਼ਾਲੀ ਆਈਸੀਯੂ ਬੈੱਡਾਂ ਦੀ ਗਿਣਤੀ 10 ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।