ਹਿਮਾਚਲ ਪ੍ਰਦੇਸ਼, 31 ਦਸੰਬਰ (ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀਰਵਾਰ ਰਾਤ ਪਰਿਵਾਰ ਸਮੇਤ ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਕਾਂਗੜਾ ਦੇ ਬਣਖੰਡੀ ’ਚ ਸਥਿਤ ਪ੍ਰਾਚੀਨ ਸਿੱਧ ਪੀਠ ਸ਼੍ਰੀ ਬਗਲਾਮੁਖੀ ਮੰਦਿਰ ’ਚ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਿਸ਼ੇਸ਼ ਰੂਪ ਨਾਲ ਬਗਲਾਮੁਖੀ ਮੰਦਿਰ ’ਚ ਪੂਜਾ ਲਈ ਪਹੁੰਚੇ ਸਨ। ਮੰਦਿਰ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਵਾਈ ਮਾਰਗ ਜ਼ਰੀਏ ਗੱਗਲ ਏਅਰਪੋਰਟ ’ਤੇ ਪਹੁੰਚੇ ਸਨ, ਜਿੱਥੋਂ ਉਹ ਸੜਕ ਮਾਰਗ ਜ਼ਰੀਏ ਧਰਮਸ਼ਾਲਾ ਦੇ ਇਕ ਨਿੱਜੀ ਹੋਟਲ ’ਚ ਗਏ।
ਇਸ ਤੋਂ ਬਾਅਦ ਉਹ ਦੇਰ ਰਾਤ ਬਗਲਾਮੁਖੀ ਮੰਦਿਰ ਪਹੁੰਚੇ। ਮੰਦਿਰ ਪਹੰੁਚਣ ’ਤੇ ਮੰਦਿਰ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਇਸ ਦੇ ਉਪਰੰਤ ਮੰਦਿਰ ਦੇ ਸੀਨੀਅਰ ਪੁਜਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਮਾਂ ਬਗਲਾਮੁਖੀ ਦੇ ਦਰਸ਼ਨ ਕਰਵਾਏ ਗਏ ਅਤੇ ਫਿਰ ਪੂਜਾ-ਅਰਚਨਾ ਕਰਵਾਈ ਗਈ। ਇਸ ਮੌਕੇ ’ਤੇ ਮੰਦਿਰ ਪ੍ਰਬੰਧਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਾਂ ਬਗਲਾਮੁਖੀ ਦੇਵੀ ਜੀ ਦੀ ਚੁੰਨੀ ਦੇ ਸਨਮਾਨਤ ਕੀਤਾ ਗਿਆ।
ਮੁੱਖ ਮੰਤਰੀ ਇਕ ਮਹੀਨੇ ’ਚ ਦੂਜੀ ਵਾਰ ਪਹੁੰਚੇ ਮਾਂ ਦੇ ਦਰਬਾਰ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਈ ਵਾਰ ਬਗਲਾਮੁਖੀ ਮੰਦਿਰ ’ਚ ਨਤਮਸਤਕ ਹੋ ਚੁੱਕੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਸੰਬਰ ਮਹੀਨੇ ’ਚ ਦੂਜੀ ਵਾਰ ਮਾਂ ਦੇ ਦਰਬਾਰ ’ਚ ਪਹੁੰਚੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 4 ਦਸੰਬਰ ਨੂੰ ਪਰਿਵਾਰ ਸਮੇਤ ਮਾਂ ਬਗਲਾਮੁਖੀ ਦੇ ਦਰਬਾਰ ’ਚ ਪਹੁੰਚ ਕੇ ਆਸ਼ੀਰਵਾਦ ਲਿਆ ਸੀ। ਮੰਦਿਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਸਿਰਫ਼ ਮਾਂ ਬਗਲਾਮੁਖੀ ਦੇ ਮੰਦਿਰਾਂ ਦਾ ਉਚਾਰਣ ਕੀਤਾ ਅਤੇ ਕਿਹਾ ਕਿ ਮੈਂ ਪਰਿਵਾਰ ਸਮੇਤ ਮਾਂ ਦੇ ਆਸ਼ੀਰਵਾਦ ਲਈ ਆਇਆ ਹਾਂ ਅਤੇ ਕਿਸੇ ਵੀ ਸਿਆਸੀ ਮੁੱਦੇ ’ਤੇ ਗੱਲਬਾਤ ਕਰਨ ਤੋਂ ਸਾਫ਼ ਇਨਕਾਰ ਕੀਤਾ।