ਚੰਡੀਗੜ੍ਹ/ਗੁਰਦਾਸਪੁਰ28 ਦਸੰਬਰ (ਬਿਊਰੋ)- ਸਾਲ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਮਾਝੇ ਵਿਚ ਬਹੁਤ ਵੱਡਾ ਝਟਕਾ ਲੱਗਾ ਹੈ। ਕਾਦੀਆਂ ਹਲਕੇ ਤੋਂ ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਫਤਿਹਜੰਗ ਸਿੰਘ ਬਾਜਵਾ ਮਾਝੇ ਦੀ ਸਿਆਸਤ ਵਿਚ ਵੱਡਾ ਚਿਹਰਾ ਹਨ ਅਤੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਹੱਕ ਵਿਚ ਰੈਲੀ ਵੀ ਕੀਤੀ ਸੀ। ਭਾਜਪਾ ਵਲੋਂ ਇਸ ਕਾਰਵਾਈ ਨੂੰ ਮਾਸਟਰ ਸਟਰੋਕ ਵਜੋਂ ਦੇਖਿਆ ਜਾ ਰਿਹਾ ਹੈ। ਫਤਿਹਜੰਗ ਬਾਜਵਾ ਕਾਂਗਰਸ ਦੇ ਸੀਨੀਅਰ ਆਗੂਆਂ ਵਿਚ ਆਉਂਦੇ ਹਨ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਨੂੰ ਕਾਂਗਰਸ ਨੂੰ ਵੱਡੇ ਝਟਕੇ ਵਜੋਂ ਦੇਖਿਆ ਜਾ ਸਕਦਾ ਹੈ।
ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨਾਲ ਕਾਦੀਆਂ ਸੀਟ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ
ਦੱਸਣਯੋਗ ਹੈ ਕਿ ਫਤਿਹਜੰਗ ਸਿੰਘ ਬਾਜਵਾ ਦਾ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨਾਲ ਕਾਦੀਆਂ ਸੀਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਭਾਵੇਂ ਫਤਿਹਜੰਗ ਬਾਜਵਾ ਕਾਦੀਆਂ ਤੋਂ ਮੌਜੂਦਾ ਵਿਧਾਇਕ ਹਨ ਪਰ ਪ੍ਰਤਾਪ ਸਿੰਘ ਬਾਜਵਾ ਖੁੱਲ੍ਹੇ ਤੌਰ ’ਤੇ ਆਖ ਰਹੇ ਸਨ ਕਿ ਇਸ ਵਾਰ ਕਾਦੀਆਂ ਸੀਟ ਤੋਂ ਉਹ ਵਿਧਾਨ ਸਭਾ ਚੋਣਾਂ ਲੜਨਗੇ। ਇਸ ਦੌਰਾਨ ਬੀਤੇ ਦਿਨੀਂ ਨਵਜੋਤ ਸਿੱਧੂ ਨੇ ਫਤਿਹਜੰਗ ਬਾਜਵਾ ਦੇ ਹੱਕ ਵਿਚ ਰੈਲੀ ਵੀ ਕੀਤੀ ਸੀ ਅਤੇ ਇਸ ਹਲਕੇ ਤੋਂ ਉਨ੍ਹਾਂ ਨੇ ਅਸਿੱਧੇ ਤੌਰ ’ਤੇ ਫਤਿਹਜੰਗ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਸੀ। ਇਸ ਦੇ ਉਲਟ ਪ੍ਰਤਾਪ ਸਿੰਘ ਬਾਜਵਾ ਕਾਦੀਂਆਂ ਸੀਟ ’ਤੇ ਲਗਾਤਾਰ ਆਪਣੀ ਦਾਅਵੇਦਾਰੀ ਜਤਾ ਰਹੇ ਸਨ।
ਬਾਜਵਾ ਭਰਾਵਾਂ ਵਿਚਾਲੇ ਹੋ ਸਕਦੀ ਹੈ ਟੱਕਰ
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੁਣ ਜਦੋਂ ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਉਹ ਕਾਦੀਆਂ ਤੋਂ ਹੀ ਭਾਜਪਾ ਦੇ ਉਮੀਦਵਾਰ ਵੀ ਹੋ ਸਕਦੇ ਹਨ, ਜਦਕਿ ਹੁਣ ਇਹ ਵੀ ਸੰਭਵ ਹੈ ਕਿ ਪ੍ਰਤਾਪ ਬਾਜਵਾ ਕਾਦੀਆਂ ਸੀਟ ਤੋਂ ਕਾਂਗਰਸ ਵਲੋਂ ਹੀ ਚੋਣ ਲੜਨਗੇ ਤਾਂ ਅਜਿਹੇ ਵਿਚ ਦੋਵੇਂ ਭਰਾ ਇਕ ਦੂਜੇ ਨੂੰ ਸਖ਼ਤ ਟੱਕਰ ਦਿੰਦੇ ਨਜ਼ਰ ਆ ਸਕਦੇ ਹਨ। ਫਤਿਹਜੰਗ ਸਿੰਘ ਬਾਜਵਾ ਦੋ ਵਾਰ ਕਾਦੀਆਂ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਥੇ ਚੰਗਾ ਰਸੂਖ ਰੱਖਦੇ ਹਨ। ਭਾਵੇਂ ਅਜੇ ਤਕ ਇਨ੍ਹਾਂ ਸੀਟਾਂ ’ਤੇ ਕਾਂਗਰਸ ਅਤੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ ਨਹੀਂ ਹੋਇਆ ਪਰ ਬਾਜਵਾ ਭਰਾਵਾਂ ਲਈ ਕਾਦੀਆਂ ਸੀਟ ਵੱਕਾਰ ਦਾ ਸਵਾਲ ਜ਼ਰੂਰ ਬਣ ਗਈ ਹੈ।