ਚੰਡੀਗੜ੍ਹ, 24 ਦਸੰਬਰ (ਬਿਊਰੋ)-ਹਰਭਜਨ ਸਿੰਘ ਨੇ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੁੰਦਾ ਹੈ ਤੇ ਅੱਜ ਜਦੋਂ ਮੈਂ ਉਸ ਖੇਡ ਨੂੰ ਅਲਵਿਦਾ ਕਹਿ ਰਿਹਾ ਹਾਂ ਜਿਸ ਨੇ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਹੈ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ 23 ਸਾਲਾਂ ਦੀ ਲੰਬੀ ਯਾਤਰਾ ਨੂੰ ਸੁੰਦਰ ਤੇ ਯਾਦਗਾਰ ਬਣਾਇਆ। ਤਹਿ ਦਿਲੋਂ ਧੰਨਵਾਦ ਧੰਨਵਾਦ ਹੁਣ ਚਰਚਾ ਹੈ ਕਿ ਉਹ ਆਪਣੀ ਸਿਆਸੀ ਪਾਰੀ ਸ਼ੁਰੂ ਕਰਨਗੇ। ਪਿਛਲੇ ਦਿਨੀਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਸੀ।
ਦੱਸ ਦਈਏ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਲੁਧਿਆਣਾ ‘ਚ ਕਾਂਗਰਸ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਹਰਭਜਨ ਸਿੰਘ ‘ਤੇ ਦਾਅ ਲਾ ਸਕਦੀ ਹੈ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸੰਕੇਤ ਦਿੱਤੇ ਹਨ ਕਿ ਹਰਭਜਨ ਸਿੰਘ ਜਲਦ ਹੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ।
ਦਰਅਸਲ ਹਰਭਜਨ ਸਿੰਘ ਦੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦੀ ਚਰਚਾ ਉਸ ਸਮੇਂ ਤੇਜ਼ ਹੋ ਗਈ ਜਦੋਂ ਪਿਛਲੇ ਦਿਨੀਂ ਨਵਜੋਤ ਸਿੱਧੂ ਨੇ ਭੱਜੀ ਨਾਲ ਆਪਣੀ ਇਕ ਤਸਵੀਰ ਟਵਿੱਟਰ ‘ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਹੀ ਇਸ ਆਫ ਸਪਿਨਰ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸਿੱਧੂ ਨੇ ਟਵੀਟ ਕੀਤਾ ਸੀ, ”ਸੰਭਾਵਨਾਵਾਂ ਨਾਲ। ਉਭਰਦੇ ਸਟਾਰ ਭੱਜੀ ਨਾਲ ਇੱਕ ਤਸਵੀਰ ਪੋਸਟ ਕੀਤੀ ਗਈ ਹੈ।
ਚਰਚਾ ਹੈ ਕਿ ਹਰਭਜਨ ਸਿੰਘ ਲੁਧਿਆਣਾ ਤੋਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿਲ ਸਕਦੀ ਹੈ। ਨਵਜੋਤ ਸਿੱਧੂ ਨੇ ਕਿਹਾ ਸੀ ਕਿ ਹਰਭਜਨ ਨਾਲ ਸ਼ੇਅਰ ਕੀਤੀ ਤਸਵੀਰ ਸਭ ਕੁਝ ਦੱਸਦੀ ਹੈ। ਤਸਵੀਰ ਬਾਰੇ ਪੁੱਛੇ ਜਾਣ ‘ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ, ”ਮੇਰੀ ਗੱਲ ਸੁਣੋ, ਇਹ ਤਸਵੀਰ ਸਭ ਕੁਝ ਦੱਸਦੀ ਹੈ। ਮੈਂ ਕਿਹਾ, ਸੰਭਾਵਨਾਵਾਂ ਨਾਲ ਭਰਪੂਰ, ਉਸ ਕੋਲ ਬਹੁਤ ਸਾਰੀਆਂ ਸੰਭਾਵਨਾਵਾਂ ਹਨ।