ਨਵੀਂ ਦਿੱਲੀ, 23 ਦਸੰਬਰ (ਬਿਊਰੋ)- ਅਤਿਅੰਤ ਵਿਸ਼ੇਸ਼ ਵਿਅਕਤੀ (ਵੀ. ਆਈ. ਪੀ.) ਦੀ ਸੁਰੱਖਿਆ ਕੇਂਦਰੀ ਸੁਰੱਖਿਆ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਮਹਿਲਾ ਕਮਾਂਡੋ ਦੇ ਹੱਥ ਹੋਵੇਗੀ। ਮਹਿਲਾ ਕਮਾਂਡੋ ਦੀ ਪਹਿਲੀ ਟੁਕੜੀ ਨੂੰ ਜਲਦ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸੁਰੱਖਿਆ ਵਜੋਂ ਤਾਇਨਾਤ ਕੀਤਾ ਜਾਵੇਗਾ। ਸੀ. ਆਰ. ਪੀ. ਐੱਫ. ਨੇ ਵੀ. ਆਈ. ਪੀ. ਸੁਰੱਖਿਆ ਇਕਾਈ ’ਚ 32 ਮਹਿਲਾ ਕਮਾਂਡੋ ਦੀ ਆਪਣੀ ਪਹਿਲੀ ਟੁਕੜੀ ਨੂੰ ਤਿਆਰ ਕੀਤਾ ਹੈ। ਹੁਣ ਉਨ੍ਹਾਂ ਨੂੰ ਦਿੱਲੀ ਵਿਚ ਸਥਿਤ ‘ਜ਼ੈੱਡ-ਪਲੱਸ’ ਸੁਰੱਖਿਆ ਘੇਰਾ ਪ੍ਰਾਪਤ ਨੇਤਾਵਾਂ ਦੀ ਵੀ ਸੁਰੱਖਿਆ ਦਾ ਕੰਮ ਸੌਂਪਿਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਮਹਿਲਾ ਕਮਾਂਡੋ ਨੇ ਵੀ. ਆਈ. ਪੀ. ਸੁਰੱਖਿਆ ਜ਼ਿੰਮੇਵਾਰੀ, ਨਿਹੱਥੇ ਯੁੱਧ, ਜਾਮਾ ਤਲਾਸ਼ੀ ਅਤੇ ਵਿਸ਼ੇਸ਼ ਹਥਿਆਰਾਂ ਨਾਲ ਫਾਇਰਿੰਗ ਵਿਚ ਆਪਣੀ 10 ਹਫ਼ਤਿਆਂ ਦੀ ਸਿਖਲਾਈ ਪੂਰੀ ਕੀਤੀ ਹੈ ਅਤੇ ਹੁਣ ਇਨ੍ਹਾਂ ਨੂੰ ਜਨਵਰੀ ’ਚ ਕਿਸੇ ਸਮੇਂ ਵੀ ਤਾਇਨਾਤ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਸ਼ੁਰੂ ਵਿਚ ਮਹਿਲਾ ਕਮਾਂਡੋ ਨੂੰ ਦਿੱਲੀ ਵਿਚ ਸਥਿਤ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਲੋਕਾਂ ਨਾਲ ਤਾਇਨਾਤ ਕੀਤਾ ਜਾਵੇਗਾ।
ਇਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ ਲੋਕਾਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੋਨੀਆ ਗਾਂਧੀ, ਪਿ੍ਰਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਸ਼ਾਮਲ ਹਨ। ਇਨ੍ਹਾਂ ਸੁਰੱਖਿਆ ਪ੍ਰਾਪਤ ਲੋਕਾਂ ਨੂੰ ਉਨ੍ਹਾਂ ਦੇ ਉੱਚ ਜ਼ੋਖਮ ਵਾਲੇ ਪ੍ਰੋਫਾਈਲ ਕਾਰਨ ਇਕ ਉੱਨਤ ਸੁਰੱਖਿਆ ਸੰਪਰਕ ਪ੍ਰੋਟੋਕਾਲ ਵੀ ਪ੍ਰਦਾਨ ਕੀਤਾ ਜਾਂਦਾ ਹੈ। ਕਰੀਬ ਇਕ ਦਰਜਨ ਹੋਰ ਜ਼ੈੱਡ ਪਲੱਸ ਸ਼੍ਰੇਣੀ ਦੀ ਸੀ. ਆਰ. ਪੀ. ਐੱਫ. ਸੁਰੱਖਿਆ ਪ੍ਰਾਪਤ ਲੋਕਾਂ ਕੋਲ ਵਾਰੀ-ਵਾਰੀ ਇਹ ਮਹਿਲਾ ਕਮਾਂਡੋ ਟੁਕੜੀ ਤਾਇਨਾਤ ਕੀਤੀ ਜਾਵੇਗੀ। ਮਹਿਲਾ ਕਮਾਂਡੋ ਨੂੰ ਇਨ੍ਹਾਂ ਵੀ. ਆਈ. ਪੀ. ਦੀ ਗ੍ਰਹਿ ਸੁਰੱਖਿਆ ਟੀਮ ਦੇ ਹਿੱਸੇ ਦੇ ਰੂਪ ਵਿਚ ਤਾਇਨਾਤ ਕੀਤਾ ਜਾਵੇਗਾ। ਇਹ ਸੁਰੱਖਿਆ 5 ਸੂਬਿਆਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਣੀਪੁਰ ਅਤੇ ਗੋਆ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੀ ਜਾਵੇਗੀ। ਜੇਕਰ ਜ਼ਰੂਰੀ ਹੋਵੇ ਤਾਂ ਸੁਰੱਖਿਆ ਪ੍ਰਾਪਤ ਲੋਕਾਂ ਨਾਲ ਦੌਰੇ ’ਤੇ ਵੀ ਜਾਣਗੀਆਂ।