ਅੰਮ੍ਰਿਤਸਰ : ਦੋ ਹੋਰ ਕਾਂਗਰਸੀ ਕੌਂਸਲਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਵਾਰਡ ਨੰਬਰ 79 ਦੀ ਕੌਂਸਲਰ ਸ਼ਿਵਾਨੀ ਅਤੇ ਵਾਰਡ ਨੰਬਰ 72 ਦੀ ਡਾਕਟਰ ਅਵਤਾਰ ਚੰਡੀਗੜ੍ਹ ਵਿੱਚ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਬਾਅਦ ਮੇਅਰ ਜਤਿੰਦਰ ਸਿੰਘ ਭਾਟੀਆ ਦੀ ਕੁਰਸੀ ਹੁਣ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕੋਲ 7 ਵਿਧਾਇਕਾਂ ਸਮੇਤ ਸਦਨ ਦੇ 43 ਮੈਂਬਰ ਹਨ। ਇਸ ਤੋਂ ਪਹਿਲਾਂ 7 ਆਜ਼ਾਦ, 2 ਕਾਂਗਰਸ ਦੇ ਅਤੇ 2 ਭਾਜਪਾ ਦੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਮਨ ਅਰੋੜਾ ਨੇ ਦੋਵਾਂ ਕੌਂਸਲਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਮੇਅਰ ਚੋਣ ਨੂੰ ਚੁਣੌਤੀ ਦਿੰਦੇ ਹੋਏ, ਕਾਂਗਰਸ ਕੌਂਸਲਰ ਵਿਕਾਸ ਸੋਨੀ ਨੇ ਹਾਈ ਕੋਰਟ ਵਿੱਚ ਰਿੱਟ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪਾਰਦਰਸ਼ੀ ਢੰਗ ਨਾਲ ਨਹੀਂ ਹੋਈ। ਸੋਨੀ ਨੇ ਰਿੱਟ ਵਿੱਚ ਕਿਹਾ ਸੀ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਾ ਹੋਣ ਦੇ ਬਾਵਜੂਦ, ਮੇਅਰ ਦੀ ਚੋਣ ਗੈਰ-ਕਾਨੂੰਨੀ ਢੰਗ ਨਾਲ ਕਰਵਾਈ ਗਈ। ਇਸ ਮਾਮਲੇ ਵਿੱਚ, ਨਗਰ ਨਿਗਮ ਨੇ ਹਾਈ ਕੋਰਟ ਵਿੱਚ ਮੇਅਰ ਚੋਣ ਦੀ ਸੀਡੀ ਵੀ ਜਮ੍ਹਾਂ ਕਰਵਾਈ ਹੈ। ਆਮ ਆਦਮੀ ਪਾਰਟੀ ਨੂੰ ਬਹੁਮਤ ਸਾਬਤ ਕਰਨ ਲਈ 43 ਮੈਂਬਰਾਂ ਦੀ ਲੋੜ ਸੀ, ਜੋ ਕਿ ਦੋ ਨਵੇਂ ਕੌਂਸਲਰਾਂ ਦੇ ਸ਼ਾਮਲ ਹੋਣ ਤੋਂ ਬਾਅਦ ਪੂਰੀ ਹੋ ਗਈ ਹੈ।
