ਟਾਂਡਾ, 20 ਦਸੰਬਰ (ਬਿਊਰੋ)- ਪੰਜਾਬ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨਾਲ ਕਿਸਾਨਾਂ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਵਾਅਦਿਆਂ ਤੋਂ ਪਿੱਛੇ ਹਟਣ ਦੇ ਰੋਸ ਵਜੋਂ ਅੱਜ ਰੇਲਵੇ ਸਟੇਸ਼ਨ ਟਾਂਡਾ ਅਤੇ ਜਲੰਧਰ-ਜੰਮੂ ਰੇਲ ਮਾਰਗ ‘ਤੇ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ। ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੂਤਾਲਾ ਅਤੇ ਜੋਨ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ 11 ਵਜੇ ਦੇ ਕਰੀਬ ਟਰੈਕ ‘ਤੇ ਆ ਕੇ ਪੱਕਾ ਮੋਰਚਾ ਲਗਾ ਕੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਰੋਸ ਜਤਾਇਆ ਕੀ ਸਰਕਾਰ ਕਿਸਾਨਾਂ ਦੀਆਂ ਅਨੇਕਾਂ ਮੰਗਾਂ ਦੀ ਸੁਣਵਾਈ ਕਰਨ ਤੋਂ ਭੱਜੀ ਹੈ, ਜਿਸ ਕਰਕੇ ਇਹ ਮੋਰਚਾ ਖੋਲ੍ਹਿਆ ਗਿਆ ਹੈ। ਇਸ ਮੌਕੇ ਹਰਵਿੰਦਰ ਪਾਲ ਸਿੰਘ ਨਿਰਮਲ ਸਿੰਘ, ਸਾਹਿਬ ਸਿੰਘ ਗੁਰਬਕਸ਼ ਸਿੰਘ ਨਿਸ਼ਾਨ ਸਿੰਘ ਆਦਿ ਮੌਜੂਦ ਸਨ। ਜ਼ਿਕਰਯੋਗ ਹੈ ਕਿ ਦਿੱਲੀ ਬਾਰਡਰ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਜੰਗ ਜਿੱਤ ਕੇ ਪੰਜਾਬ ਵਾਪਸ ਪਰਤੇ ਕਿਸਾਨਾਂ ਦੇ ਹੌਂਸਲੇ ਇਕ ਵਾਰ ਫਿਰ ਤੋਂ ਬੁਲੰਦ ਹਨ।
ਇਸ ਵਾਰ ਕਿਸਾਨ ਸਿੱਧੇ ਸੂਬੇ ਵਿਚ ਕਾਂਗਰਸ ਸਰਕਾਰ ਨਾਲ ਟਕਰਾਉਣ ਦੇ ਮੂਡ ਵਿਚ ਨਜ਼ਰ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਬੀਕੇਯੂ (ਉਗਰਾਹਾਂ) ਨੇ ਪੰਜਾਬ ਸਰਕਾਰ ਨੂੰ ਜਿੱਥੇ ਟੋਲ ਪਲਾਜ਼ਾ ’ਤੇ ਵਧਾਈਆਂ ਗਈਆਂ ਦਰਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ, ਉਥੇ ਹੀ ਹੁਣ ਸੂਬਾ ਪੱਧਰੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਅੰਦੋਲਨ ਦੀ ਵੀ ਚਿਤਾਵਨੀ ਦਿੱਤੀ ਸੀ। ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਵਾਧਾ ਵਾਪਸ ਨਹੀਂ ਲਿਆ ਜਾਂਦਾ ਓਦੋਂ ਤੱਕ ਟੋਲ ਪਲਾਜ਼ਿਆਂ ’ਤੇ ਧਰਨੇ ਜਾਰੀ ਰਹਿਣਗੇ। ਉਧਰ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਵਿਚ ਆਪਣੀ ਜਿੱਤ ਤੋਂ ਬਾਅਦ ਦਿੱਲੀ ਤੋਂ ਪਰਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ (ਕੇ. ਐੱਮ. ਐੱਸ. ਸੀ.) ਦੇ ਮੈਂਬਰਾਂ ਨੇ 20 ਦਸੰਬਰ ਤੋਂ ਰਾਜਵਿਆਪੀ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਹੈ। ਜਿਸ ਨਾਲ ਪੰਜਾਬ ਵਿਚ ਉਦਯੋਗਾਂ ਨੂੰ ਫਿਰ ਤੋਂ ਇਕ ਵਾਰ ਕਰੋੜਾਂ ਦਾ ਨੁਕਸਾਨ ਚੁੱਕਣਾ ਪੈ ਸਕਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਸਾਰੇ ਘਟਨਾਚੱਕਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਸੂਬੇ ਵਿਚ ਫਿਰ ਤੋਂ ਅੰਦੋਲਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।